ਜ਼ਿਲ੍ਹਾ ਸੰਕਟ ਮੋਚਨ ਕਮੇਟੀ ਦੀ ਹੋਈ ਬੈਠਕ

ਬਠਿੰਡਾ, 5 ਜਨਵਰੀ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸੰਕਟਕਾਲੀਨ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੀਆਂ ਅਚਨਚੇਤੀ ਦੁਰਘਟਨਾਵਾਂ ਅਤੇ ਸੰਭਾਵੀ ਗੈਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਪੱਧਰ ‘ਤੇ ਕੀਤੀਆਂ ਜਾਣ ਵਾਲੀਆਂ ਅਗਾਊਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਵੱਖ-ਵੱਖ ਵਿਭਾਗਾਂ ਤੇ ਖਤਰੇ ਵਾਲੀਆਂ ਉਦਯੋਗਿਕ ਇਕਾਈਆਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਤੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ।

ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਕੈਮੀਕਲ ਦੀ ਵਰਤੋਂ ਕਰਨ ਵਾਲੇ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਨਿਯਮਤ ਤੌਰ ‘ਤੇ ਅਜਿਹੀ ਮੀਟਿੰਗ ਕੀਤੀ ਜਾਂਦੀ ਹੈ, ਤਾਂ ਜੋ ਰਸਾਇਣਕ ਦੁਰਘਟਨਾਵਾਂ ਵਾਪਰਨ ਦੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਵਿਭਾਗਾਂ ਤੇ ਸਬੰਧਤ ਅਦਾਰੇ ਵਿੱਚ ਤਾਲਮੇਲ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਘਟਨਾ ਨਾਲ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹੋਣ ਵਾਲੀ ਮੌਕ ਡਰਿੱਲ ਨੂੰ ਪੂਰੀ ਸੰਜੀਦਗੀ ਨਾਲ ਇੱਕ ਸਾਂਝੀ ਟੀਮ ਦੇ ਰੂਪ ਵਿੱਚ ਸਾਰੇ ਸਬੰਧਤ ਵਿਭਾਗ ਆਪੋ-ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚੜ੍ਹਾਉਣ ਅਤੇ ਮੌਕ ਡਰਿੱਲ ਸਮੇਂ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ “ਜ਼ਿਲ੍ਹੇ ਦਾ ਆਫ਼ ਸਾਈਟ ਪਲਾਨ” ਵੀ ਜਾਰੀ ਕੀਤਾ ਗਿਆ।

ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਇੰਜਨੀਅਰ ਸ਼੍ਰੀ ਵਿਸ਼ਾਲ ਸਿੰਗਲਾ ਨੇ ਦੱਸਿਆ ਕਿ ਮੌਕ ਡਰਿੱਲ ਸਮੇਂ ਪੁਲਿਸ, ਸਿਹਤ ਵਿਭਾਗ ਤੇ ਫਾਇਰ ਬ੍ਰਿਗੇਡ ਦੀ ਅਹਿਮ ਭੂਮਿਕਾ ਹੁੰਦੀ ਹੈ ਤੇ ਇਨ੍ਹਾਂ ਵਿਭਾਗਾਂ ਨੂੰ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਹਰ ਵੇਲੇ ਚੌਕਸ ਰਹਿਣ ਦੀ ਲੋੜ ਹੈ। ਇਸ ਮੌਕੇ ਕੈਮੀਕਲ ਐਕਸੀਡੈਂਟ ਰੂਲਜ਼ 1996 (ਐਮਰਜੈਂਸੀ, ਯੋਜਨਾਵਾਂ, ਤਿਆਰੀ ਅਤੇ ਤੁਰੰਤ ਕਾਰਵਾਈ) ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। 

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਫੈਕਟਰੀਆਂ ਦੇ ਡਿਪਟੀ ਡਾਇਰੈਕਟਰ (ਮੈਂਬਰ ਸਕੱਤਰ), ਐਨਡੀਆਰਐਫ਼ ਅਤੇ MAH (ਮੁੱਖ ਦੁਰਘਟਨਾ ਅਤੇ ਸੰਭਾਵੀਂ ਖਤਰੇ ਵਾਲੀਆਂ ਇਕਾਈਆਂ) ਉਦਯੋਗਾਂ ਦੇ ਅਧਿਕਾਰੀ, ਪੁਲਿਸ, ਫਾਇਰ, ਸਿਹਤ, ਭੋਜਨ ਅਤੇ ਸਪਲਾਈ ਵਿਭਾਗ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *