ਮੋਗਾ ਵਿੱਚ ਪਸ਼ੂਆਂ ਨੂੰ ਮੂੰਹ ਖੁਰ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਣ ਸ਼ੁਰੂ

ਮੋਗਾ 17 ਮਈ:
ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ,  ਜੁਆਇੰਟ ਸਕੱਤਰ ਬਿਕਰਮਜੀਤ ਸਿੰਘ ਸ਼ੇਰਗਿੱਲ, ਡਾਇਰੈਕਟਰ ਡਾ. ਜੀ.ਐਸ ਬੇਦੀ, ਦੀ ਅਗਵਾਈ ਵਿੱਚ ਜਿ਼ਲ੍ਹਾ ਮੋਗਾ ਵਿੱਚ ਅੱਜ ਮੂੰਹ ਖੁਰ ਬਿਮਾਰੀ ਦੇ ਟੀਕਾਕਰਣ ਦੀ ਸ਼ੁਰੂਆਤ ਹੋ ਗਈ ਹੈ। ਇਹ ਟੀਕਾਕਰਣ ਮੁਹਿੰਮ ਮਿਸ਼ਨ ਮੋਡ ਵਿੱਚ ਲਗਾਈ ਜਾਣੀ ਹੈ।
ਡਾ. ਹਰਵੀਨ ਕੌਰ ਧਾਲੀਵਾਲ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਮੋਗਾ ਨੇ ਦੱਸਿਆ ਕਿ ਪਿਛਲੇ ਦਿਨੀਂ ਕੁਝ ਕੁ ਜਿ਼ਲ੍ਹਿਆਂ ਵਿੱਚ ਵਾਇਰਲ ਬਿਮਾਰੀਆਂ ਦੇ ਲੱਛਣ ਦੇਖੇ ਗਏ, ਜਿਸ ਦੇ ਖਤਰੇ ਨੂੰ ਭਾਂਪਦਿਆਂ ਸਮੇਂ ਸਿਰ ਪਸ਼ੂਧਨ ਦੀ ਸਿਹਤ ਦਾ ਖਿਆਲ ਕਰਦੇ ਹੋਏ ਪਸ਼ੂਆਂ ਨੂੰ ਸਮੇਂ-ਸਮੇਂ ਤੇ ਮੂੰਹ ਖੁਰ, ਐਲ.ਐਸ.ਡੀ, ਗਲਘੋਟੂ ਵੈਕਸੀਨ ਲਗਾਈ ਗਈ ਹੈ। ਜਿ਼ਲ੍ਹਾ ਮੋਗਾ ਵਿੱਚ ਸਾਰੇ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਦੀ ਮੁਫਤ ਦਵਾਈ ਦਿੱਤੀ ਜਾ ਚੁੱਕੀ ਹੈ, ਤਾਂ ਜੋ ਵੈਕਸੀਨ ਦਾ ਚੰਗਾ ਪ੍ਰਭਾਵ ਪਵੇ।
ਉਨ੍ਹਾਂ  ਦੱਸਿਆ ਕਿ ਔੜ ਅਤੇ ਬਰਸਾਤ ਤੇ ਮੌਸਮ ਵਿੱਚ ਪਸ਼ੂਆਂ ਨੂੰ ਪਰਜੀਵੀ ਰੋਗ, ਚਿੱਚੜ ਜੂੰਆਂ ਤੇ ਬਿਮਾਰੀਆਂ, ਪੱਠਿਆਂ ਦਾ ਜਹਿਰਬਾਦ ਸਾਈਲੇਜ ਵਿੱਚ ਉੱਲੀ ਰੋਗ ਆਦਿ ਨਾਲ ਹਾਈਪਰਥਰਮੀਆ/ਗਰਮੀ ਨਾਲ ਵੀ ਪਸ਼ੂਆਂ ਨੂੰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਟੀਕਾਕਰਨ ਮੁਹਿੰਮ ਵਿੱਚ 2 ਲੱਖ 77 ਹਜ਼ਾਰ 100 ਡੋਜ਼ਾਂ ਘਰ-ਘਰ ਜਾ ਕੇ ਬਿਲਕੁੱਲ ਮੁਫਤ ਲਗਾਈਆਂ ਜਾਣੀਆਂ ਹਨ। ਉਨ੍ਹਾਂ ਪਸ਼ੂ ਪਾਲਕਾ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਨਾਲ ਦੀ ਪਸ਼ੂ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਇਸਦਾ ਲਾਭ ਲਿਆ ਜਾਵੇ ਤਾਂ ਜੋ ਕੋਈ ਵੀ ਪਸ਼ੂ ਇਸ ਤੋਂ ਵਾਂਝਾ ਨਾ ਰਹੇ।
ਡਾ. ਹਰਵੀਨ ਕੌਰ ਧਾਲੀਵਾਲ ਨੇ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਅਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਆਪਣੇ ਪਸ਼ੂਆਂ ਨੂੰ ਹਵਾਦਾਰ ਅਤੇ ਛਾਂਦਾਰ ਜਗ੍ਹਾਂ ਤੇ ਰੱਖਿਆ ਜਾਵੇ, ਤਾਜਾ ਪਾਣੀ ਪਿਲਾਇਆ ਜਾਵੇ ਅਤੇ ਗਰਮੀ ਤੋਂ ਬਚਣ ਲਈ 2 ਵਾਰ ਨਵਾਇਆ ਜਾਵੇ, ਪਸ਼ੂਆਂ ਨੂੰ ਤਾਜੇ ਪੱਠੇ ਦਿੱਤੇ ਜਾਣ, ਖੁਰਲੀ ਵਿੱਚ ਨਮਕ ਦੀ ਇੱਟ ਰੱਖੀ ਜਾਵੇ।

Leave a Reply

Your email address will not be published. Required fields are marked *