ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨ ਪ੍ਰਬੰਧਨ ਲਈ ਕਈ ਪਿੰਡਾਂ ਵਿੱਚ ਲਗਾਈਆਂ ਪ੍ਰਦਰਸ਼ਨੀਆਂ

ਲਹਿਰਾਗਾਗਾ, 24 ਜੂਨ (000) –
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਸਮੱਸਿਆ ਦੇ ਹੱਲ ਲਈ ਸਿਫਾਰਸ਼ ਨਦੀਨ-ਨਾਸ਼ਕਾਂ ਦੀਆਂ ਕੁਝ ਪ੍ਰਦਰਸ਼ਨੀਆਂ ਲਹਿਰਾਗਾਗਾ ਬਲਾਕ ਦੇ ਕਈ ਪਿੰਡਾਂ ਜਿਵੇਂ ਕਿ ਅਕੜਵਾਸ, ਖੋਖਰ ਕਲਾਂ, ਮੋਜੋਵਾਲੀ, ਸੰਗਤਪੁਰਾ, ਭੈਣੀ ਗੰਢੂਆਂ ਆਦਿ ਵਿਖੇ ਲਗਾਈਆਂ ਗਈਆਂ।

ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ, ਜਿਲ੍ਹਾ ਪਸਾਰ ਵਿਗਿਆਨੀ ਨੇ ਦੱਸਿਆ ਕਿ ਪਾਣੀ ਦੀ ਬੱਚਤ ਕਰਨ ਲਈ, ਲੇਬਰ ਦੀ ਸਮੱਸਿਆ ਦੇ ਹੱਲ ਲਈ, ਜ਼ਮੀਨੀ ਪਾਣੀ ਦੇ ਜਿਆਦਾ ਰੀਚਾਰਜ ਲਈ ਝੋਨੇ ਦੀ ਸਿੱਧੀ ਬਿਜਾਈ ਇੱਕ ਵਧੀਆ ਢੰਗ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਇਸ ਵਿਧੀ ਰਾਹੀਂ ਝੋਨੇ ਦੀ ਕਾਸ਼ਤ ਕਰਨ ਲਈ ਢੁੱਕਵੀਂ ਜ਼ਮੀਨ, ਢੁੱਕਵੀਆਂ ਕਿਸਮਾਂ, ਬਿਜਾਈ ਦਾ ਸਮਾਂ ਅਤੇ ਮਾਤਰਾ, ਬਿਜਾਈ ਦੇ ਢੰਗਾਂ, ਨਦੀਨ ਪ੍ਰਬੰਧ ਆਦਿ ਬਾਰੇ ਭਰਪੂਰ ਜਾਣਕਾਰੀ ਤਿਆਰ ਕੀਤੀ ਗਈ ਹੈ ਜਿਸਨੂੰ ਡਾ. ਅਸ਼ੋਕ ਕੁਮਾਰ ਨੇ ਸਾਰਿਆਂ ਨਾਲ ਸਾਂਝਾ ਕੀਤਾ। ਬਿਜਾਈ ਤੋਂ 15-25 ਦਿਨਾਂ ਅੰਦਰ ਕਈ ਵਾਰ ਬਹੁਤ ਜਿਆਦਾ ਨਦੀਨ ਉੱਗਣ ਨਾਲ ਖੇਤ ਚੰਗੀ ਦਿੱਖ ਵਿੱਚ ਨਹੀਂ ਹੁੰਦੇ ਅਤੇ ਨਦੀਨਾਂ ਦੀ ਰੋਕਥਾਮ ਲਈ ਕਈ ਨਦੀਨ-ਨਾਸ਼ਕਾਂ ਦੇ ਛਿੜਕਾਅ ਕਰਨ ਦੀ ਸਿਫਾਰਸ਼ ਹੈ। ਖਾਸ ਤੌਰ ਤੇ ਸਵਾਂਕ ਅਤੇ ਝੋਨੇ ਦੇ ਮੋਥੇ ਦੀ ਰੋਕਥਾਮ ਲਈ ਨੌਮਨੀਗੋਲਡ 10 ਐਸ ਸੀ ਦੀ 100 ਮਿਲੀਲਿਟਰ ਮਾਤਰਾ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸਵਾਂਕ, ਚੀਨੀ ਘਾਹ, ਚੌੜੇ ਪੱਤੇ ਵਾਲੇ ਨਦੀਨ, ਝੋਨੇ ਦੇ ਮੋਥੇ, ਗੰਢੀ ਵਾਲੇ ਮੋਥੇ/ ਡੀਲੇ ਦੀ ਰੋਕਥਾਮ ਲਈ ਨੋਵਲੈਕਟ 12 ਈ ਸੀ ਨੂੰ ਬਿਜਾਈ ਤੋਂ 20-25 ਦਿਨਾਂ ਦੇ ਅੰਦਰ 500 ਮਿਲੀਲਿਟਰ ਪ੍ਰਤੀ 150 ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰਕੇ ਕਾਬੂ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਨਦੀਨ-ਨਾਸ਼ਕਾਂ ਦਾ ਛਿੜਕਾਅ ਵੱਤਰ ਖੇਤ ਵਿੱਚ ਕਰੋ।

ਇਨ੍ਹਾਂ ਦੋਨੇ ਨਦੀਨ-ਨਾਸ਼ਕਾਂ ਨੂੰ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੁਆਰਾ ਅਗਾਂਹਵਧੂ ਕਿਸਾਨ ਜਿਵੇਂ ਕਿ ਨਿਰਮਲ ਸਿੰਘ (ਪਿੰਡ ਖੋਖਰ ਕਲਾਂ), ਰਣਧੀਰ ਸਿੰਘ (ਪਿੰਡ ਖੋਖਰ ਕਲਾਂ), ਰਜਿੰਦਰ ਸਿੰਘ (ਪਿੰਡ ਅੜਕਵਾਸ), ਮਲਕੀਤ ਸਿੰਘ (ਪਿੰਡ ਅੜਕਵਾਸ), ਜਗਸੀਰ ਸਿੰਘ (ਪਿੰਡ ਸੰਗਤਪੁਰਾ), ਸੁਖਤਾਰ ਸਿੰਘ (ਪਿੰਡ ਸੰਗਤਪੁਰਾ), ਤਰਸੇਮ ਸਿੰਘ (ਰੋਗਲਾ), ਅਮਰੀਕ ਸਿੰਘ (ਭੈਣੀ ਗੰਢੂਆਂ) ਅਤੇ ਹੋਰ ਕਿਸਾਨਾਂ ਨੂੰ ਪ੍ਰਦਰਸ਼ਨੀ ਦੇ ਤੌਰ ਤੇ ਦਿੱਤਾ ਗਿਆ। ਨਿਰਮਲ ਸਿੰਘ (ਖੋਖਰ ਕਲਾਂ) ਨੇ ਪਹਿਲੀ ਵਾਰ 13 ਏਕੜ ਤੇ ਸਿੱਧੀ ਬਿਜਾਈ ਕਰਨ ਦਾ ਫੈਸਲਾ ਲਿਆ ਅਤੇ ਹੁਣ ਤੱਕ ਉਹਨਾਂ ਦੀ ਫਸਲ ਬਹੁਤ ਵਧੀਆਂ ਹਾਲਤ ਵਿੱਚ ਖੜੀ ਹੈ। ਡਾ. ਅਸ਼ੋਕ ਕੁਮਾਰ ਨੇ ਹੋਰ ਕਿਸਾਨਾਂ ਨੂੰ ਇਸ ਵਿਧੀ ਨਾਲ ਜੁੜਨ ਲਈ ਪ੍ਰੇਰਿਆ ਅਤੇ ਖੇਤੀ ਸਾਹਿਤ ਵੀ ਦਿੱਤਾ ਗਿਆ।

Comments

Leave a Reply

Your email address will not be published. Required fields are marked *