ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਵਰ੍ਹਦੇ ਮੀਂਹ ਵਿੱਚ ਘੱਗਰ ਦਰਿਆ ਦੇ ਕੰਢਿਆਂ ਦਾ ਲਿਆ ਜਾਇਜ਼ਾ

ਮੂਣਕ, 4 ਸਤੰਬਰ (000) – ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਹਲਕਾ ਲਹਿਰਾਗਾਗਾ ਦੇ ਘੱਗਰ ਦਰਿਆ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੀ ਹਿਫਾਜ਼ਤ ਲਈ ਲਗਾਤਾਰ ਯਤਨਸ਼ੀਲ ਹਨ। ਅੱਜ ਉਹ ਪੂਰਾ ਦਿਨ ਵਰ੍ਹਦੇ ਮੀਂਹ ਵਿੱਚ ਘੱਗਰ ਦਰਿਆ ਦੇ ਕੰਢਿਆਂ ਦਾ ਜਾਇਜ਼ਾ ਲੈਂਦੇ ਰਹੇ। ਇਸ ਦੌਰੇ ਦੌਰਾਨ ਉਹਨਾਂ ਨੇ ਖੁਦ ਪਹੁੰਚ ਕੇ ਕਮਜ਼ੋਰ ਕੰਢਿਆਂ ਉੱਤੇ ਰੇਤ ਦੀਆਂ ਬੋਰੀਆਂ ਲਗਵਾਈਆਂ। ਇਸ ਮੌਕੇ ਉਹਨਾਂ ਨਾਲ ਉਹਨਾਂ ਦੇ ਨਿੱਜੀ ਸਹਾਇਕ ਸ਼੍ਰੀ ਰਾਕੇਸ਼ ਕੁਮਾਰ ਗੁਪਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਅੱਜ ਉਹਨਾਂ ਨੇ ਮਕਰੋੜ ਸਾਹਿਬ, ਮੰਡਵੀ, ਚਾਂਦੂ, ਅਨੰਦਾਨਾ, ਖਾਨੌਰੀ ਅਤੇ ਘੱਗਰ ਨਾਲ ਲੱਗਦੇ ਕਈ ਇਲਾਕਿਆਂ ਦਾ ਦੌਰਾ ਕੀਤਾ। ਦੱਸਣਯੋਗ ਹੈ ਕਿ ਅੱਜ ਉਹਨਾਂ ਨੂੰ ਕਈ ਪਿੰਡਾਂ ਵਾਲਿਆਂ ਨੇ ਖਦਸ਼ਾ ਪ੍ਰਗਟਾਇਆ ਕਿ ਉਹਨਾਂ ਦੇ ਇਲਾਕਿਆਂ ਵਿੱਚ ਪਾੜ ਪੈਣ ਦਾ ਡਰ ਹੈ ਤਾਂ ਉਹ ਤੁਰੰਤ ਲੋਕਾਂ ਦੀ ਮਦਦ ਲਈ ਖੁਦ ਪਹੁੰਚ ਗਏ। ਇਸ ਦੌਰਾਨ ਉਹਨਾਂ ਨਾਲ ਉਹਨਾਂ ਦੇ ਵਿਭਾਗ ਦੀ ਸਮੁੱਚੀ ਟੀਮ ਦੇ ਨਾਲ ਨਾਲ ਸਿਵਲ ਅਤੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।

ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਲਗਾਤਾਰ ਹੋ ਰਹੀ ਬਾਰਸ਼ ਕਾਰਨ ਘੱਗਰ ਦਰਿਆ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਪਿੰਡ ਬਨਾਰਸੀ, ਬਾਓਪਰ, ਨਵਾਗਾਓਂ, ਜਸਵੰਤਪੁਰਾ ਉਰਫ ਹੋਤੀਪੁਰ, ਅੰਨਦਾਨਾ, ਸ਼ਾਹਪੁਰਥੇੜੀ, ਚਾਦੂੰ, ਮੰਡਵੀ, ਬੰਗਾਂ, ਖਨੌਰੀ ਕਲਾਂ, ਹਮੀਰਗੜ੍ਹ, ਸੁਰਜਨਭੈਣੀ, ਭੂੰਦੜਭੈਣੀ, ਸਲੇਮਗੜ੍ਹ, ਮਕਰੌੜ ਸਾਹਿਬ, ਫੂਲਦ, ਗਨੌਟਾ, ਘਮੂਰਘਾਟ, ਰਾਮਪੁਰਾ ਗੁਜਰਾਂ, ਹਾਂਡਾ, ਕੁਦਨੀ, ਵਜੀਦਪੁਰ, ਕਬੀਰਪੁਰ, ਕੜੈਲ, ਬੁਸਹਿਰਾ, ਮੂਨਕ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਬਜ਼ੁਰਗ ਅਤੇ ਬੱਚੇ ਦਰਿਆ ਦੇ ਨੇੜੇ ਨਾ ਜਾਣ ਅਤੇ ਨਾ ਹੀ ਆਪਣੇ ਪਸ਼ੂਆਂ ਨੂੰ ਦਰਿਆ ਨੇੜੇ ਲੈ ਕੇ ਜਾਣ।

ਉਹਨਾਂ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਉੱਤੇ ਯਕੀਨ ਨਾ ਕਰਨ ਅਤੇ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸਹਿਯੋਗ ਕਰਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਦੇ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ।

ਉਹਨਾਂ ਕਿਹਾ ਕਿ ਦਰਿਆ ਵਿੱਚ ਇਸ ਵੇਲੇ ਪਾਣੀ ਦਾ ਪੱਧਰ 748.7 ਫੁੱਟ ਹੈ, ਜੋ ਕਿ ਖਤਰੇ ਦੇ ਨਿਸ਼ਾਨ 748 ਫੁੱਟ ਤੋਂ ਜਿਆਦਾ ਹੈ। ਉਹਨਾਂ ਕਿਹਾ ਕਿ ਸਾਲ 2023 ਵਿੱਚ ਹੜ੍ਹ ਆਉਣ ਤੋਂ ਬਾਅਦ ਮਕਰੋੜ ਸਾਹਿਬ ਤੋਂ ਲੈ ਕੇ ਪਿੰਡ ਕੜੈਲ ਤੱਕ 4 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਲੰਮੇ ਦਰਿਆ ਦੇ ਦੋਵੇਂ ਪਾਸੇ ਬੰਨ੍ਹਾਂ ਨੂੰ 16-16 ਫੁੱਟ ਚੌੜਾ ਕਰਕੇ ਮਜ਼ਬੂਤ ਕੀਤਾ ਗਿਆ ਸੀ। ਦੋਵੇਂ ਪਾਸੇ ਵਾਹਨਾਂ ਦੀ ਆਵਾਜਾਈ ਹੋਣ ਕਰਕੇ ਇਹ ਕਿਨਾਰੇ ਅੱਜ ਐਨੇ ਮਜ਼ਬੂਤ ਹੋ ਗਏ ਹਨ ਕਿ ਇਸ ਵਾਰ ਘੱਗਰ ਦਰਿਆ ਵਿੱਚ 749 ਫੁੱਟ ਪਾਣੀ ਚੱਲਣ ਦੇ ਬਾਵਜੂਦ ਇਹ ਪੂਰੀ ਤਰ੍ਹਾਂ ਮਜ਼ਬੂਤ ਹਨ।

ਦਰਿਆ ਦੇ ਆਲੇ ਦੁਆਲੇ ਦੇ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, 15 ਸੰਵੇਦਨਸ਼ੀਲ ਥਾਵਾਂ, ਜਿੱਥੇ 2023 ਵਿੱਚ ਪਾੜ ਪਿਆ ਸੀ ਅਤੇ ਦਰਿਆ ਦੇ ਨਾਲ ਲੱਗਦੇ ਹੋਰ ਸਥਾਨਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਜੰਬੋ ਬੈਗਾਂ ਸਮੇਤ ਰੇਤ ਦੀਆਂ ਬੋਰੀਆਂ ਨਾਲ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਠੀਕਰੀ ਪਹਿਰੇ ਵੀ ਸ਼ੁਰੂ ਕੀਤੇ ਹੋਏ ਹਨ।

ਡਰੇਨੇਜ ਵਿਭਾਗ, ਮਾਲ ਵਿਭਾਗ, ਮੰਡੀ ਬੋਰਡ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ, ਸਥਾਨਕ ਪਿੰਡ ਵਾਸੀਆਂ ਸਮੇਤ, ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਲਗਾਤਾਰ ਇਨ੍ਹਾਂ ਸੰਵੇਦਨਸ਼ੀਲ ਥਾਵਾਂ ਦੀ ਨਿਗਰਾਨੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਰਾਤ ਦੇ ਸਮੇਂ ਦਰਿਆ ਦੇ ਕੰਢਿਆਂ ‘ਤੇ ਪੁਲਿਸ ਗਸ਼ਤ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਉਹਨਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਡਰੇਨੇਜ ਵਿਭਾਗ ਨਾਲ 87250-29785 ‘ਤੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ 01672-234196 ‘ਤੇ ਜਾਂ ਮੂਨਕ ਕੰਟਰੋਲ ਰੂਮ ਨਾਲ 97802-95132 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


Posted

in

by

Tags:

Comments

Leave a Reply

Your email address will not be published. Required fields are marked *