ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਕੂਲ ਖੋਲ੍ਹਣ ਤੋਂ ਪਹਿਲਾਂ ਸੁਰੱਖਿਆ ਨੂੰ ਪਹਿਲ ਦੇਣ ਸਕੂਲ ਪ੍ਰਬੰਧਕ: ਆਸ਼ਿਕਾ ਜੈਨ

ਹੁਸ਼ਿਆਰਪੁਰ, 7 ਸਤੰਬਰ:
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਹਾਲ ਹੀ ਵਿੱਚ ਆਏ ਭਿਆਨਕ ਹੜ੍ਹ ਕਾਰਨ ਬੰਦ ਕੀਤੇ ਗਏ ਸਾਰੇ ਸਕੂਲਾਂ ਨੂੰ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ 8 ਸਤੰਬਰ (ਸੋਮਵਾਰ) ਤੋਂ ਮੁੜ ਖੋਲ੍ਹਿਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਜ਼ਿਲ੍ਹਾ ਪੱਧਰ ‘ਤੇ ਜਿਹੜੇ ਇਲਾਕੇ ਅਜੇ ਵੀ ਹੜ੍ਹ ਤੋਂ ਪ੍ਰਭਾਵਿਤ ਹਨ, ਉੱਥੇ ਸਕੂਲ ਪ੍ਰਬੰਧਕਾਂ ਵੱਲੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨ ਕਲਾਸਾਂ ਚਲਾਈਆਂ ਜਾ ਸਕਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਨਿੱਜੀ ਸਕੂਲ 8 ਸਤੰਬਰ ਤੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਲਈ ਖੁਲ੍ਹ ਜਾਣਗੇ। ਸਕੂਲ ਪ੍ਰਬੰਧਨ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਮਾਰਤ ਅਤੇ ਕਲਾਸਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦੂਜੇ ਪਾਸੇ, ਸਰਕਾਰੀ ਸਕੂਲਾਂ ਦੀ ਸਮਾਂ-ਸਾਰਣੀ ਵੱਖ ਰਹੇਗੀ। 8 ਸਤੰਬਰ ਨੂੰ ਅਧਿਆਪਕ ਅਤੇ ਸਟਾਫ ਸਕੂਲ ਪਹੁੰਚ ਕੇ ਜਾਂਚ, ਸਫਾਈ ਅਤੇ ਹੋਏ ਨੁਕਸਾਨ ਦਾ ਮੁਲਾਂਕਣ ਕਰਨਗੇ ਅਤੇ ਇਸ ਦੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੇਣਗੇ। ਵਿਦਿਆਰਥੀਆਂ ਦੀਆਂ ਕਲਾਸਾਂ 9 ਸਤੰਬਰ ਤੋਂ ਸ਼ੁਰੂ ਹੋਣਗੀਆਂ।

ਡਿਪਟੀ ਕਮਿਸ਼ਨਰ ਨੇ ਸਾਰੇ ਸਕੂਲ ਮੁਖੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਐਸ.ਐਮ.ਸੀ., ਪੰਚਾਇਤਾਂ ਅਤੇ ਨਗਰ ਪ੍ਰੀਸ਼ਦਾਂ ਦੀ ਸਹਾਇਤਾ ਨਾਲ ਸਕੂਲ ਦੀ ਸਫਾਈ ਯਕੀਨੀ ਬਣਾਉਣ। ਜੇ ਕਿਸੇ ਇਮਾਰਤ ਜਾਂ ਕਮਰੇ ਨੂੰ ਨੁਕਸਾਨ ਹੋਇਆ ਹੈ ਤਾਂ ਇਸ ਦੀ ਰਿਪੋਰਟ ਤੁਰੰਤ ਸੰਬੰਧਿਤ ਐਸ.ਡੀ.ਐਮ. ਨੂੰ ਦੇਣ ਤਾਂ ਜੋ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ‘ਤੇ ਤੁਰੰਤ ਸੰਬੰਧਿਤ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਸ਼ਾਸਨ ਦੀ ਪਹਿਲੀ ਤਰਜੀਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਅਤੇ ਸਿੱਖਿਆ ਪ੍ਰਣਾਲੀ ਦਾ ਸੁਚਾਰੂ ਸੰਚਾਲਨ ਯਕੀਨੀ ਕਰਨਾ ਹੈ।


Posted

in

, ,

by

Comments

Leave a Reply

Your email address will not be published. Required fields are marked *