ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸੀਵਰੇਜ ਬੋਰਡ ਅਤੇ ਜਨ ਸਿਹਤ , ਨਗਰ ਕੋਸਲ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

ਜੈਤੋਂ/ਫ਼ਰੀਦਕੋਟ, 25 ਸਤੰਬਰ ()

ਹਾਲ ਹੀ ਵਿੱਚ ਬਲਾਕ ਜੈਤੋ ਦੇ ਵੱਖ-ਵੱਖ ਇਲਾਕਿਆਂ ਤੋਂ ਲਏ ਗਏ ਪੀਣ ਵਾਲੇ ਪਾਣੀ ਦੇ ਨਮੂਨਿਆਂ ਦੀ ਜਾਂਚ ਦੌਰਾਨ 6 ਆਰ.ਓ. ਦੇ ਪਾਣੀ ਨੂੰ ਪੀਣ ਯੋਗ ਨਹੀਂ ਪਾਇਆ ਗਿਆ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਮੈਡਮ ਹਰਜੋਤ ਕੌਰ ਨੇ ਸੀਵਰੇਜ ਬੋਰਡ ਅਤੇ ਜਨ ਸਿਹਤ ਵਿਭਾਗ , ਨਗਰ ਕੋਂਸਲ ਜੈਤੋ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।

ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਖਰਾਬ ਆਰ.ਓ. ਮਸ਼ੀਨਾਂ ਨੂੰ ਠੀਕ ਕਰਕੇ ਲੋਕਾਂ ਨੂੰ ਦੁਬਾਰਾ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇ। ਇਸਦੇ ਨਾਲ ਹੀ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਕਿ ਜਦ ਤੱਕ ਇਹ ਸਮੱਸਿਆ ਹੱਲ ਨਹੀਂ ਹੁੰਦੀ, ਓਦੋਂ ਤੱਕ ਉਹ ਵਾਟਰ ਵਰਕਸ ਸਪਲਾਈ ਦੇ ਪੀਣ ਵਾਲੇ ਪਾਣੀ ਦੀ ਵਰਤੋਂ ਹੀ ਕਰਨ।

ਮੀਟਿੰਗ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਨ੍ਹਾਂ ਆਰ.ਓ. ਦਾ ਪਾਣੀ ਫੇਲ੍ਹ ਹੋਇਆ ਹੈ, ਉਨ੍ਹਾਂ ਵਿੱਚ ਸਦਰ ਥਾਣਾ ਜੈਤੋ, ਐੱਚ ਬੀ ਆਰ.ਓ. ਹਿੰਮਤਪੁਰਾ ਬਸਤੀ, ਗੁਰਮੇਲ ਸਿੰਘ ਪੁੱਤਰ ਮੰਗਲ ਸਿੰਘ (ਨੇੜੇ ਬਾਲਮੀਕਿ ਕਲੋਨੀ ਬਠਿੰਡਾ ਰੋਡ ਜੈਤੋ), ਗੁਰਕਿਰਪਾ ਆਰ.ਓ. ਫਿਲਟਰ ਵਾਟਰ ਬਾਲਮੀਕਿ ਕਲੋਨੀ ਜੈਤੋ, ਸੁਖਦੇਵ ਸਿੰਘ ਪੁੱਤਰ ਨਛੱਤਰ ਸਿੰਘ (ਮੁਕਤਸਰ ਰੋਡ ਜੈਤੋ), ਅਤੇ ਰਣਜੀਤ ਸਿੰਘ ਪੁੱਤਰ ਰੁਲਦੂ ਸਿੰਘ (ਮੁਕਤਸਰ ਰੋਡ ਜੈਤੋ) ਸ਼ਾਮਲ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਆਪਣੇ ਜੈਤੋਂ ਦੌਰੇ ਦੋਰਾਨ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਨਾਜਾਇਜ਼ ਤੌਰ ’ਤੇ ਚਲ ਰਹੇ ਪਾਣੀ ਦੇ ਕੁਨੈਕਸ਼ਨਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ, ਕਿਉਂਕਿ ਅਜਿਹੇ ਕੁਨੈਕਸ਼ਨਾਂ ਕਾਰਨ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਨਾਲ ਮਿਕਸ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਉਨ੍ਹਾਂ ਵੱਲੋਂ ਜੈਤੋ ਦੇ ਇਨ੍ਹਾਂ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਜਲਦ ਹੀ ਸਾਰੇ ਪ੍ਰਭਾਵਿਤ ਆਰ.ਓ. ਦੁਬਾਰਾ ਸਹੀ ਕਰਕੇ ਸੁਰੱਖਿਅਤ ਪੀਣ ਵਾਲਾ ਪਾਣੀ ਉਪਲਬਧ ਕਰਵਾ ਦਿੱਤਾ ਜਾਵੇਗਾ।


Posted

in

, ,

by

Comments

Leave a Reply

Your email address will not be published. Required fields are marked *