ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ 19ਵੀਂ ਵਿਗਿਆਨਕ ਸਲਾਹਕਾਰ ਕਮੇਟੀ ਦਾ ਆਯੋਜਨ

ਮਾਨਸਾ, 19 ਫਰਵਰੀ:

ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ,ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਡਾ. ਤਰਸੇਮ ਸਿੰਘ ਢਿਲੋਂ ਦੀ ਪ੍ਰਧਾਨਗੀ ਹੇਠ 19ਵੀਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਵੱਖ ਵੱਖ ਵਿਭਾਗੀ ਅਧਿਕਾਰੀਆਂ, ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ।

ਡਾ. ਤਰਸੇਮ ਸਿੰਘ ਢਿਲੋਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੁਆਰਾ ਫਸਲੀ ਰਹਿੰਦ-ਖੂੰਹਦ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕੁਦਰਤੀ ਸੋਮੇ ਮਿੱਟੀ ਅਤੇ ਪਾਣੀ ਦੀ ਸੰਭਾਲ ਲਈ ਹੋਰ ਵਧੇਰੇ ਕੰਮ ਕਰਨ ਅਤੇ ਇਸ ਸਬੰਧੀ ਪ੍ਰੋਗਰਾਮ ਉਲੀਕਣ ਦੀ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਸਹਾਇਕ ਕਿੱਤੇ ਅਪਣਾਉਣ ਅਤੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਕਰਕੇ, ਖੇਤੀ ਵਪਾਰ ਅਪਣਾਉਣ ਲਈ ਵੀ ਪ੍ਰੇਰਿਆ।

ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਵਿੰਦਰ ਸਿੰਘ ਨੇ ਨਰਮੇ ਹੇਠਾਂ ਰਕਬਾ ਵਧਾਉਣ ਅਤੇ ਝੋਨੇ ਦੀਆਂ ਥੋੜ੍ਹੇ ਸਮੇਂ ਦੀਆਂ ਕਿਸਮਾਂ ਦੇ ਪਸਾਰ ਨੂੰ ਤਰਜੀਹ ਦੇਣ ‘ਤੇ ਜ਼ੋਰ ਦਿੱਤਾ। ਡਾ. ਕਰਮਜੀਤ ਸਿੰਘ ਸੇਖੋਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨੂੰ ਸਿਖਲਾਈ ਕੋਰਸਾਂ ਦੌਰਾਨ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਸਮਾਜਿਕ ਕਦਰਾਂ-ਕੀਮਤਾਂ ਬਾਰੇ ਜਾਗਰੂਕ ਕਰਨ ਲਈ ਕਿਹਾ।ਉਨ੍ਹਾਂ ਨੌਜ਼ਵਾਨਾਂ ਨੂੰ ਸਮਾਜਿਕ ਕੁਰੀਤੀਆਂ ਬਾਰੇ ਜਾਣੂ ਕਰਵਾਉਣ ਉੱਪਰ ਵੀ ਜ਼ੋਰ ਦਿੱਤਾ। ਡਾ. ਅਮਰਜੀਤ ਸਿੰਘ ਸੰਧੂ ਨੇ ਮਿੱਟੀ
ਦੀ ਸਿਹਤ ਨੂੰ ਕਾਇਮ ਰੱਖਣ ਦੇ ਉਪਰਾਲੇ ਕਰਨ ਬਾਰੇ ਅਪੀਲ ਕੀਤੀ।

ਡਾ. ਅਜੀਤਪਾਲ ਸਿੰਘ, ਸਹਾਇਕ ਡਾਇਰੈਕਟਰ (ਸਿਖਲਾਈ) ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਦੁਆਰਾ ਸਾਲ 2025 ਦੌਰਾਨ ਲਗਾਏ ਗਏ ਕਿੱਤਾ ਮੁਖੀ ਸਿਖਲਾਈ ਕੋਰਸਾਂ, ਖੇਤ ਪ੍ਰਦਰਸ਼ਨੀਆਂ, ਖੇਤ ਤਜ਼ਰਬੇ, ਗਿਆਨ ਵਧਾਊ ਯਾਤਰਾਵਾਂ, ਖੇਤ
ਦਿਵਸ, ਕਿਸਾਨ ਸਿਖਲਾਈ ਕੈਂਪ, ਮੋਬਾਇਲ ਖੇਤੀ ਸੁਨੇਹੇ ਆਦਿ ਪਸਾਰ ਗਤੀਵਿਧੀਆਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ।

ਉਨ੍ਹਾਂ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਸਬੰਧੀ ਪ੍ਰੋਜੈਕਟ, ਬੀਜ਼ ਉਪਤਾਦਨ ਅਤੇ ਹੋਰਨਾਂ ਪ੍ਰੋਜੈਕਟਾਂ ਦੀ ਪ੍ਰਗਤੀ ਰਿਪੋਰਟ ਵੀ ਪੇਸ਼ ਕੀਤੀ। ਡਾ. ਅਜੈ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਕੇ.ਵੀ.ਕੇ, ਮਾਨਸਾ ਦੀ ਸਾਲ 2026-27 ਬਾਰੇ ਸਲਾਨਾ ਕਾਰਜ ਯੋਜਨਾ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸਹਾਇਕ ਵਿਭਾਗਾਂ ਦੇ ਅਧਿਕਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਿਖਲਾਈ ਕੋਰਸਾਂ ਦੇ ਪਲਾਨ ਸਬੰਧੀ ਸੁਝਾਅ ਦਿੱਤੇ।

ਇਸ ਮੌਕੇ ਡਾ. ਤੇਜਪਾਲ ਸਿੰਘ ਸਰਾਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਅਖੀਰ ਵਿੱਚ ਮੁੱਖ ਮਹਿਮਾਨ, ਵੱਖ ਵੱਖ ਮਹਿਕਮਿਆਂ ਤੋਂ ਆਏ ਅਧਿਕਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਣਕ, ਸਰੋਂ ਅਤੇ ਪਿਆਜ਼ ਦਾ ਬੀਜ਼ ਉਤਪਾਦਨ, ਖੋਜ ਤਜ਼ਰਬਿਆਂ, ਹਰਬਲ ਗਾਰਡਨ, ਵਰਮੀ ਕੰਮਪੋਸਟ ਇਕਾਈ, ਘਰੇਲੂ ਛੱਤ ਬਗੀਚੀ ਅਤੇ ਵੱਖ-ਵੱਖ ਯੁਨਿਟਾਂ ਦਾ ਦੌਰਾ ਕੀਤਾ।

ਇਸ ਮੌਕੇ ਡਾ. ਕਰਮਜੀਤ ਸਿੰਘ ਸੇਖੋਂ, ਨਿਰਦੇਸ਼ਕ, ਪੀ.ਏ.ਯੂ-ਖੇਤਰੀ ਖੋਜ ਕੇਂਦਰ, ਡਾ. ਅਮਰਜੀਤ ਸਿੰਘ ਸੰਧੂ, ਸੀਨੀਅਰ ਸਬਜ਼ੀ ਵਿਗਿਆਨੀ, ਫਾਰਮ ਸਲਾਹਕਾਰ ਕੇਂਦਰ, ਬਠਿੰਡਾ ਅਤੇ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ, ਮੌਜੂਦ ਸਨ।


Posted

in

, ,

by

Comments

Leave a Reply

Your email address will not be published. Required fields are marked *