ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਨੂੰ ਨਿਰਵਿਘਨ 24/7 ਮਿਲੀ ਜਲ ਸਪਲਾਈ ਤੇ ਸੈਨੀਟੇਸ਼ਨ ਦੀ ਸਹੂਲਤ

ਸ੍ਰੀ ਅਨੰਦਪੁਰ ਸਾਹਿਬ 04 ਮਾਰਚ: ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਇਤਿਹਾਸਕ ਤਿਉਹਾਰ ਹੋਲਾ ਮਹੱਲਾ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਧਾਰਮਿਕ ਅਸਥਾਨਾ ਤੇ ਪਹੁੰਚਦੇ ਹਨ। ਸ਼ਰਧਾਲੂਆਂ ਨੂੰ ਪੀਣ ਵਾਲਾ ਸਾਫ਼ ਪਾਣੀ ਅਤੇ ਸਫਾਈ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ (DWSS) ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
     ਹੋਲਾ ਮਹੱਲਾ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ 24×7 ਪੀਣਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਈ ਗਈ ਹੈ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸ਼ਰਧਾਲੂਆਂ ਦੀ ਸਹੂਲਤ ਲਈ ਦੋਵੇਂ ਸ਼ਹਿਰਾਂ ਦੇ ਵੱਖ-ਵੱਖ ਸਥਾਨਾਂ ‘ਤੇ ਕੁੱਲ 46 ਥਾਵਾਂ ‘ਤੇ ਪੀਣ ਵਾਲੇ ਪਾਣੀ ਲਈ ਟੈਪਾਂ ਦੀਆਂ ਬੈਟਰੀਆਂ ਲਗਾਈਆਂ ਗਈਆਂ ਹਨ।
     ਸਫਾਈ ਦੇ ਪ੍ਰਬੰਧਾਂ ਤਹਿਤ 26 ਮੂਵੇਬਲ ਟਾਇਲਟ ਵੈਨਾਂ ਵੱਖ-ਵੱਖ ਮਹੱਤਵਪੂਰਨ ਸਥਾਨਾਂ ‘ਤੇ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ 8 ਸਥਾਈ ਲੈਵਟਰੀ ਬਲਾਕ 24 ਘੰਟੇ ਚਾਲੂ ਰੱਖੇ ਗਏ ਹਨ। ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੀਵਰੇਜ ਪ੍ਰਣਾਲੀ ਦੀ ਸੁਚਾਰੂ ਕਾਰਗੁਜ਼ਾਰੀ ਵੀ ਯਕੀਨੀ ਬਣਾਈ ਗਈ ਹੈ ਤਾਂ ਜੋ ਤਿਉਹਾਰ ਦੌਰਾਨ ਸਫਾਈ ਪ੍ਰਬੰਧ ਵਧੀਆ ਰਹਿਣ।
     ਇਨ੍ਹਾਂ ਸਾਰੀਆਂ ਸੇਵਾਵਾਂ ਦੀ ਨਿਗਰਾਨੀ ਲਈ ਡਬਲਯੂ.ਐੱਸ.ਐੱਸ. ਡਵੀਜ਼ਨ ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਜੂਨੀਅਰ ਇੰਜੀਨੀਅਰਾਂ ਨੂੰ ਸਬ ਡਵੀਜ਼ਨਲ ਇੰਜੀਨੀਅਰਾਂ ਦੀ ਦੇਖ-ਰੇਖ ਹੇਠ 24×7 ਡਿਊਟੀ ‘ਤੇ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਕਿਸੇ ਵੀ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਸ਼ਰਧਾਲੂਆਂ ਨੂੰ ਸਾਫ਼ ਪੀਣਯੋਗ ਪਾਣੀ ਅਤੇ ਸਫਾਈ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।


Posted

in

, ,

by

Comments

Leave a Reply

Your email address will not be published. Required fields are marked *