ਵਿਧਾਇਕ ਜਿੰਪਾ ਨੇ ਸ਼ਿਵ ਜੀ ਚੌਕ ਤੋਂ ਮੋਨਾ ਮੈਮੋਰੀਅਲ ਚਰਚ ਤੱਕ ਨਵੀਂ ਸੜਕ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ, 29 ਅਪ੍ਰੈਲ: ਹੁਸ਼ਿਆਰਪੁਰ ਦੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸ਼ਹਿਰ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਇੱਕ ਹੋਰ ਕਦਮ ਚੁੱਕਦੇ ਹੋਏ ਸ਼ਿਵ ਜੀ ਚੌਕ ਤੋਂ ਮੋਨਾ ਮੈਮੋਰੀਅਲ ਚਰਚ ਤੱਕ ਨਵੀਂ ਤਿਆਰ ਕੀਤੀ ਸੜਕ ਦਾ ਉਦਘਾਟਨ ਕੀਤਾ। ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਸ ਸੜਕ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ ਅਤੇ ਖੇਤਰ ਦੀ ਟ੍ਰੈਫਿਕ ਵਿਵਸਥਾ ਪਹਿਲਾਂ ਨਾਲੋਂ ਹੋਰ ਸੁਚੱਜੀ ਹੋਵੇਗੀ।
ਇਸ ਮੌਕੇ ‘ਤੇ ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਰਹੀ ਹੈ ਅਤੇ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਿਵ ਜੀ ਚੌਕ ਤੋਂ ਚਰਚ ਵਾਲੀ ਸੜਕ ਤੱਕ ਨਿਰਮਾਣ ਕਾਫੀ ਸਮੇਂ ਤੋਂ ਸਥਾਨਕ ਨਿਵਾਸੀਆਂ ਦੀ ਮੰਗ ਸੀ, ਜਿਸ ਨੂੰ ਹੁਣ ਪੂਰਾ ਕਰ ਦਿੱਤਾ ਗਿਆ ਹੈ। ਇਸ ਸੜਕ ਦੇ ਬਣਨ ਨਾਲ ਨਾ ਸਿਰਫ਼ ਸਥਾਨਕ ਲੋਕਾਂ ਨੂੰ ਰਾਹਤ ਮਿਲੇਗੀ, ਸਗੋਂ ਇਲਾਕੇ ਦੀਆਂ ਵਪਾਰਕ ਅਤੇ ਸਮਾਜਿਕ ਗਤੀਵਿਧੀਆਂ ਨੂੰ ਵੀ ਗਤੀ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸੜਕਾਂ, ਸੀਵਰੇਜ, ਪੀਣ ਵਾਲਾ ਪਾਣੀ ਅਤੇ ਹੋਰ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ। ਵਿਧਾਇਕ ਜਿੰਪਾ ਨੇ ਭਰੋਸਾ ਦਿਵਾਇਆ ਕਿ ਹੁਸ਼ਿਆਰਪੁਰ ਦੇ ਸਮੁੱਚੇ ਵਿਕਾਸ ਲਈ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਜਨਹਿਤ ਕਾਰਜ ਲਗਾਤਾਰ ਜਾਰੀ ਰਹਿਣਗੇ।
ਇਸ ਮੌਕੇ ‘ਤੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਸੂਮੇਸ਼ ਸੋਨੀ, ਵਰਿੰਦਰ ਵੈਦ ਅਤੇ ਕੌਂਸਲਰ ਮਨਜੀਤ ਸਿੰਘ ਵੀ ਮੌਜੂਦ ਰਹੇ। ਸਭ ਪਤਵੰਤੇ ਵਿਅਕਤੀਆਂ ਨੇ ਇਸ ਵਿਕਾਸ ਕਾਰਜ ਲਈ ਵਿਧਾਇਕ ਜਿੰਪਾ ਦੇ ਯਤਨਾਂ ਦੀ ਸ਼ਲਾਘਾ ਕੀਤੀ।


Posted

in

,

by

Comments

Leave a Reply

Your email address will not be published. Required fields are marked *