ਡਿਪਟੀ ਕਮਿਸ਼ਨਰ ਨੇ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਤਰਨ ਤਾਰਨ, 5 ਮਈ :
           ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਆਉਣ ਵਾਲੇ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਸੰਭਾਵੀ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲੇ ਵਿੱਚ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬਰਸਾਤ ਤੋਂ ਪਹਿਲਾਂ-ਪਹਿਲਾਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਮਾਨਸੂਨ ਦੌਰਾਨ ਜੇਕਰ ਕੋਈ ਸੰਕਟ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨਾਲ ਸਹੀ ਢੰਗ ਨਾਲ ਨਜਿੱਠਿਆ ਜਾ ਸਕੇ।

ਉਨ੍ਹਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਰਿਆ ਸਤਲੁਜ ਨਾਲ ਲੱਗਦੀਆਂ ਸੰਵੇਦਨਸ਼ੀਲ ਥਾਵਾਂ ‘ਤੇ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਧੁੱਸੀ ਬੰਨ੍ਹ ਤੇ ਐਡਵਾਂਸ ਬੰਨ੍ਹ ਨਾਲ ਲੱਗਦੇ ਇਲਾਕਿਆਂ ਵਿੱਚ ਹੜ੍ਹ ਰੋਕੂ ਕੰਮਾਂ ਨੂੰ ਬਰਸਾਤ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦਰਿਆ ਦੇ ਨਾਲ ਲੱਗਦੇ ਧੁੱਸੀ ਬੰਨ੍ਹ ਅਤੇ ਦਰਿਆ ਨੂੰ ਆਉਂਦੇ ਰਾਹਾਂ ਦੀ ਸਾਫ਼- ਸਫ਼ਾਈ ਤੇ ਮਜਬੂਤੀਕਰਨ ਦੇ ਵੀ ਹੁਕਮ ਦਿੱਤੇ, ਤਾਂ ਜੋ ਹੰਗਾਮੀ ਹਾਲਾਤ ਵਿੱਚ ਮਸ਼ੀਨਰੀ ਆਦਿ ਨੂੰ ਦਰਿਆ ਤੱਕ ਲਿਆਉਣ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਡਰੇਨਾਂ ਦੀ ਸਾਫ਼- ਸਫ਼ਾਈ, ਗਾਰ ਕੱਢਣ ਅਤੇ ਨਾਜ਼ੁਕ ਕੰਢਿਆਂ ਨੂੰ ਮਜਬੂਤ ਕਰਨ ਦੇ ਕੰਮ ਨੂੰ ਤਰਜੀਹ ਦੇ ਆਧਾਰ ‘ਤੇ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਕੀਤੀਆਂ।

ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀ ਰਾਹੁਲ ਨੇ ਪਹਿਲਾਂ ਤੋਂ ਪੁਖਤਾ ਪ੍ਰਬੰਧ ਮੁਕੰਮਲ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਮੂਹ ਉੱਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਚੱਲ ਰਹੇ ਹੜ੍ਹਾਂ ਤੋਂ ਬਚਾਅ ਸਬੰਧੀ ਕੰਮਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਯਕੀਨੀ ਬਣਾਉਣ। ਉਨ੍ਹਾਂ ਹੜ੍ਹਾਂ ਦੌਰਾਨ ਵਰਤੇ ਜਾਂਦੇ ਸਾਰੇ ਸਾਜ਼ੋ-ਸਾਮਾਨ ਦੇ ਪ੍ਰਬੰਧ ਅਗੇਤੇ ਤੌਰ ‘ਤੇ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਕੀਤੀਆਂ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਐੱਸ. ਡੀ. ਐੱਮ ਖਡੂਰ ਸਾਹਿਬ ਸੰਜੀਵ ਸ਼ਰਮਾ, ਐੱਸ. ਡੀ. ਐੱਮ ਪੱਟੀ ਅਮਨਦੀਪ, ਐੱਸ. ਡੀ. ਐੱਮ ਭਿੱਖੀਵਿੰਡ ਜਗਦੀਪ ਸਿੰਘ ਅਤੇ ਸਹਾਇਕ ਕਮਿਸ਼ਨਰ ਰੌਬਿਨਜੀਤ ਕੌਰ  ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


Posted

in

,

by

Comments

Leave a Reply

Your email address will not be published. Required fields are marked *