ਚੰਡੀਗੜ੍ਹ, 13 ਮਈ: ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ (ਪੀਐਸਐਫਐਫਡਬਲਯੂਸੀ) ਦਾ ਦੌਰਾ ਕੀਤਾ।
ਇਸ ਦੌਰੇ ਦੌਰਾਨ ਪ੍ਰੋਫੈਸਰ ਡਾ. ਸੁਖਪਾਲ ਸਿੰਘ, ਚੇਅਰਮੈਨ, ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਅਤੇ ਸ੍ਰੀ ਨਵਜੋਤ ਸਿੰਘ ਜਰਗ, ਚੇਅਰਮੈਨ, ਜੀਈਐਨਸੀਓ ਨਾਲ ਪ੍ਰੋਫੈਸਰ ਡਾ. ਚਮਕੌਰ ਸਿੰਘ ਅਠਵਾਲ ਦੀ ਅਗਵਾਈ ਵਾਲੇ ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਉੱਚ ਪੱਧਰੀ ਵਫ਼ਦ ਵਿੱਚ ਡਾ. ਫਲੋਰੀਮੰਡ ਗੁਨੀਅਟ ਅਤੇ ਡਾ. ਸ਼ਿਸ਼ਾਂਕ, ਅਰਥਸ਼ਾਸਤਰੀ, ਡਾ. ਸੰਦੀਪ ਧੁੰਧਰਾ, ਬੀ.ਸੀ.ਯੂ., ਯੂ.ਕੇ. ਸ਼ਾਮਲ ਸਨ। ਇਸ ਤੋਂ ਇਲਾਵਾ ਇਲਾਵਾ ਡਾ. ਵਾਈ.ਪੀ. ਵਰਮਾ, ਰਜਿਸਟਰਾਰ, ਅਤੇ ਡਾ. ਮਨਿੰਦਰ ਕੌਰ, ਪੀਯੂ, ਚੰਡੀਗੜ੍ਹ ਵੀ ਮੌਜੂਦ ਸਨ।
ਇਸ ਮੀਟਿੰਗ ਦਾ ਉਦੇਸ਼ ਸੂਬੇ ਵਿੱਚ ਊਰਜਾ ਉਤਪਾਦਨ ਲਈ ਹੋਰ ਟਿਕਾਊ ਮਾਡਲ ਲਿਆਉਣਾ ਸੀ।
ਡਾ. ਚੈਮ ਬਿਜਲੀ ‘ਤੇ ਨਿਰਭਰਤਾ ਘਟਾਉਣ ਲਈ ਸੂਰਜੀ ਊਰਜਾ ਦੀ ਢੁਕਵੀਂ ਵਰਤੋਂ ਸਬੰਧੀ ਵੱਖ-ਵੱਖ ਮਾਡਲ ਵਿਕਸਤ ਕਰਨ ਵਾਲੀ ਇੱਕ ਅਥਾਰਟੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬੰਗਲਾਦੇਸ਼ ਵਿੱਚ ਬਹੁਤ ਸਾਰੇ ਪ੍ਰੋਜੈਕਟ ਪਾਇਲਟ ਆਧਾਰ ‘ਤੇ ਸ਼ੁਰੂ ਕੀਤੇ ਹਨ ਅਤੇ ਤਕਨਾਲੋਜੀਆਂ ਵਿੱਚ ਵੱਡੇ ਸੁਧਾਰ ਲਿਆਂਦੇ ਹਨ, ਜਿਨ੍ਹਾਂ ਨੂੰ ਪੰਜਾਬ ਵਿੱਚ ਬਹੁਤ ਘੱਟ ਲਾਗਤ ਨਾਲ ਦੁਹਰਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਸਮਾਰਟ-ਐਸਆਈਪੀ ਮਾਡਲ ਬਾਰੇ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ, ਜੋ ਕਿ ਇੱਕ ਕਮਿਊਨਿਟੀ ਅਧਾਰਤ ਸੂਰਜੀ ਊਰਜਾ ਦੀ ਢੁਕਵੀਂ ਵਰਤੋਂ ਸਬੰਧੀ ਪ੍ਰਣਾਲੀ ਹੈ, ਜਿਸਨੂੰ ਪੰਜਾਬ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਜਾ ਸਕਦਾ ਹੈ।
ਪ੍ਰੋਫੈਸਰ ਡਾ. ਸੁਖਪਾਲ ਸਿੰਘ ਨੇ ਸੂਬੇ ਦੇ ਪਾਣੀ ਅਤੇ ਊਰਜਾ ਦ੍ਰਿਸ਼ਟੀਕੋਣ ਬਾਰੇ ਵੀ ਵਿਸਥਾਰ ਨਾਲ ਦੱਸਿਆ ਕਿ ਰਾਜ ਵਿੱਚ ਸਾਲਾਨਾ 13.27 ਬੀਸੀਐਮ ਪਾਣੀ ਦੀ ਘਾਟ ਹੈ ਅਤੇ ਏਪੀ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਸਪਲਾਈ ਲਈ ਹਰ ਸਾਲ ਲਗਭਗ 8000 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਸਦਨ ਨੂੰ ਅੱਗੇ ਦੱਸਿਆ ਕਿ ਪੰਜਾਬ ਰਾਜ ਖੇਤੀਬਾੜੀ ਨੀਤੀ-2023 ਵਿੱਚ ਸੂਰਜੀ ਊਰਜਾ ਵਾਲੇ ਪੰਪਾਂ ਵੱਲ ਪੜਾਅਵਾਰ ਤਬਦੀਲੀ ਦੀ ਸਿਫਾਰਸ਼ ਕੀਤੀ ਗਈ ਹੈ, ਜਿਸ ਨਾਲ ਨਾ ਸਿਰਫ਼ ਬਿਜਲੀ ਖਰਚੇ ਘਟਣਗੇ, ਸਗੋਂ ਰਾਜ ਸਾਲਾਨਾ ਲਗਭਗ 7000 ਕਰੋੜ ਰੁਪਏ ਦਾ ਮਾਲੀਆ ਪੈਦਾ ਕਰਨ ਦੀ ਸਥਿਤੀ ਵਿੱਚ ਆ ਜਾਵੇਗਾ।
ਡਾ. ਫਲੋਰੀਮੰਡ ਨੇ ਦੱਸਿਆ ਕਿ ਹਰਿਆਣਾ ਨੇ ਲਗਭਗ 1.80 ਲੱਖ ਸੋਲਰ ਪੰਪ ਲਗਾਏ ਹਨ, ਜਦੋਂ ਕਿ ਪੰਜਾਬ ਨੇ ਪੀਐਮ-ਕੁਸੁਮ ਯੋਜਨਾ ਅਧੀਨ ਸਿਰਫ 17000 ਲਗਾਏ ਹਨ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਬਹੁਤ ਵੱਡੇ ਪੱਧਰ ‘ਤੇ ਸੂਰਜੀ ਊਰਜਾ ਦੀ ਵਰਤੋਂ ਕਰ ਰਿਹਾ ਹੈ। ਉਦਾਹਰਣ ਵਜੋਂ, ਬੰਗਲਾਦੇਸ਼ ਵਿੱਚ ਜ਼ਿਆਦਾਤਰ ਬੈਟਰੀ ਪਾਵਰ ਆਟੋ ਸੂਰਜੀ ਊਰਜਾ ਰਾਹੀਂ ਚਲਾਏ ਜਾ ਰਹੇ ਹਨ।
ਵਿਚਾਰ-ਵਟਾਂਦਰੇ ਦੌਰਾਨ ਸ੍ਰੀ ਨਵਜੋਤ ਸਿੰਘ ਜਰਗ ਨੇ ਵਫ਼ਦ ਨੂੰ ਆਪਣੇ ਪਿੰਡ ਵਿੱਚ ਪਾਇਲਟ ਪੱਧਰ ‘ਤੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਅਤੇ ਪ੍ਰੋਫੈਸਰ ਡਾ. ਸੁਖਪਾਲ ਸਿੰਘ ਨੇ ਹੁਸ਼ਿਆਰਪੁਰ ਵਿਖੇ ਲਾਮਰਾ-ਕਾਂਗੜੀ ਐਮਪੀਸੀਐਸ ਦਾ ਸੁਝਾਅ ਦਿੱਤਾ, ਜੋ ਕਿ 4 ਨਾਲ ਲੱਗਦੇ ਪਿੰਡਾਂ ਨੂੰ ਲਗਭਗ 14 ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਪ੍ਰੋਫੈਸਰ ਚੈਮ ਨੇ ਹਾਂ-ਪੱਖੀ ਹੁੰਗਾਰਾ ਭਰਿਆ ਅਤੇ ਕਿਹਾ ਕਿ ਉਹ ਪਿੰਡਾਂ ਵਿੱਚ ਹੋਰ ਖੁਸ਼ਹਾਲੀ ਲਿਆਉਣ ਲਈ ਪੀਐਸਐਫਸੀ ਨਾਲ ਕੰਮ ਕਰਨਗੇ। ਇਹ ਮੀਟਿੰਗ ਪਾਇਲਟ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ, ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਵਿੱਚ ਸਾਫ਼ ਸੁਥਰੀ ਵਾਤਾਵਰਣ ਪੱਖੀ ਊਰਜਾ ਨਾਲ ਟਿਕਾਊ ਖੇਤੀਬਾੜੀ ਲਈ ਪ੍ਰਮਾਣਿਤ ਨੀਤੀਗਤ ਦਖਲ ਨੂੰ ਉਤਸ਼ਾਹਿਤ ਕਰਨ ‘ਤੇ ਸਹਿਮਤੀ ਨਾਲ ਸਮਾਪਤ ਹੋਈ। ਡਾ. ਆਰ.ਐਸ. ਬੈਂਸ ਨੇ ਸਾਰੇ ਪਤਵੰਤਿਆਂ ਅਤੇ ਪੀਐਸਐਫਸੀ ਦੇ ਸਾਥੀ ਸਹਿਯੋਗੀਆਂ ਦਾ ਧੰਨਵਾਦ ਕੀਤਾ।
