ਨਵੀਂ ਦਿੱਲੀ, 29 ਮਈ- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸ਼ਹਿਰੀ ਸਥਾਨਕ ਨਿਕਾਏ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਇਤਿਹਾਸਕ ਜਿੱਤ ਨੇ ਪੂਰੀ ਪਾਰਟੀ ਨੂੰ ਜੋਸ਼ ਨਾਲ ਭਰ ਦਿੱਤਾ ਹੈ। ਇਸ ਸ਼ਾਨਦਾਰ ਜਿੱਤ ਲਈ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਤਮਾਮ ਆਗੂਆਂ ਨੇ ਸੀਐਮ ਭਗਵੰਤ ਸਿੰਘ ਮਾਨ ਦੀ ‘‘ਕੰਮ ਦੀ ਰਾਜਨੀਤੀ’’ ਦੀ ਸ਼ਲਾਘਾ ਕਰਨ ਲਈ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਹ ਇਤਿਹਾਸਕ ਵੋਟ ਦੇ ਕੇ ਭਗਵੰਤ ਮਾਨ ਸਰਕਾਰ ਦੇ ਕੰਮਾਂ ਨੂੰ ਸ਼ਾਬਾਸ਼ੀ ਦਿੱਤੀ ਹੈ। ਅਸੀਂ ਅੱਗੇ ਵੀ ਅਜਿਹੇ ਹੀ ਚੰਗੇ ਕੰਮ ਕਰਦੇ ਰਹਾਂਗੇ। ਦੂਜੇ ਪਾਸੇ ਈਡੀ ਪਾਰਟੀ ਦਾ ਸਫਾਇਆ ਹੋ ਗਿਆ ਹੈ। ਈਡੀ ਪਾਰਟੀ ਨੇ ਪੰਜਾਬ ਦੇ ਛੋਟੇ-ਛੋਟੇ ਵਪਾਰੀਆਂ ‘ਤੇ ਜਿਹੜੀਆਂ ਇੰਨੀਆਂ ਰੇਡਾਂ ਕਰਵਾ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ, ਅੱਜ ਲੋਕਾਂ ਨੇ ਉਸਦਾ ਬਦਲਾ ਲੈ ਲਿਆ ਹੈ।
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਪਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸ਼ੁੱਕਰਵਾਰ ਨੂੰ ਆਏ ਨਿਕਾਏ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਈਡੀ ਪਾਰਟੀ ਕਈ ਵਪਾਰੀਆਂ ‘ਤੇ ਈਡੀ ਰੇਡ ਦੀ ਪਲੈਨਿੰਗ ਕਰ ਰਹੀ ਹੈ। ਸਾਰੇ ਵਪਾਰੀ ਚੌਕਸ ਰਹਿਣ। ਸਾਡੀ ਸਰਕਾਰ ਪੂਰੀ ਤਰ੍ਹਾਂ ਨਾਲ ਸਾਰੇ ਵਪਾਰੀਆਂ ਦੇ ਨਾਲ ਖੜ੍ਹੀ ਹੈ। ਈਡੀ ਪਾਰਟੀ ਨੂੰ ਪੂਰੀ ਤਰ੍ਹਾਂ ਪੰਜਾਬ ਵਿੱਚੋਂ ਭਜਾਉਣਾ ਹੈ।
ਸੋਸ਼ਲ ਮੀਡੀਆ ਐਕਸ ‘ਤੇ ਅਰਵਿੰਦ ਕੇਜਰੀਵਾਲ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅੱਜ ਨਗਰ ਨਿਗਮ ਅਤੇ ਸ਼ਹਿਰੀ ਨਿਕਾਏ ਦੇ ਨਤੀਜੇ ਆਏ ਹਨ ਅਤੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਅੰਦਰ ਕਲੀਨ ਸਵੀਪ ਕੀਤਾ ਹੈ। ਸਾਰੇ ਸ਼ਹਿਰੀ ਨਿਕਾਇਆਂ ਦੇ ਅੰਦਰ ਪਾਰਟੀ ਦੀ ਜ਼ਬਰਦਸਤ ਜਿੱਤ ਹੋਈ ਹੈ। ਅਜੇ ਕੁਝ ਦਿਨ ਪਹਿਲਾਂ ਪੰਚਾਇਤ, ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਪੇਂਡੂ ਨਿਕਾਇਆਂ ਦੇ ਨਤੀਜੇ ਆਏ ਸਨ। ਉਸ ਵਿੱਚ ਵੀ “ਆਪ” ਦੀ ਜ਼ਬਰਦਸਤ ਜਿੱਤ ਹੋਈ ਸੀ। ਅਤੇ ਹੁਣ ਅੱਜ ਸ਼ਹਿਰੀ ਖੇਤਰਾਂ ਦੇ ਨਤੀਜੇ ਆਏ ਹਨ, ਇਸ ਵਿੱਚ ਵੀ ਜ਼ਬਰਦਸਤ ਜਿੱਤ ਹਾਸਲ ਹੋਈ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ। ਉਨ੍ਹਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ‘ਤੇ ਅਤੇ ਪਾਰਟੀ ‘ਤੇ ਇੰਨਾ ਭਰੋਸਾ ਜਤਾਇਆ। “ਆਪ” ਦੇ ਜੋ ਚੰਗੇ ਕੰਮ ਹਨ, ਉਸ ‘ਤੇ ਇੱਕ ਤਰ੍ਹਾਂ ਨਾਲ ਪੰਜਾਬ ਦੇ ਲੋਕਾਂ ਨੇ ਮੋਹਰ ਲਗਾਈ ਹੈ ਅਤੇ ਸ਼ਾਬਾਸ਼ੀ ਦਿੱਤੀ ਹੈ ਕਿ ਚੰਗਾ ਕਰ ਰਹੇ ਹੋ, ਲੱਗੇ ਰਹੋ। ਕੁਝ ਲੋਕ ਕਹਿ ਰਹੇ ਸਨ ਕਿ “ਆਪ” ਸ਼ਹਿਰਾਂ ਵਿੱਚ ਕਮਜ਼ੋਰ ਹੈ। ਅੱਜ ਇਹ ਸਾਬਤ ਹੋ ਗਿਆ ਹੈ ਕਿ ਪਾਰਟੀ ਸ਼ਹਿਰਾਂ ਵਿੱਚ ਵੀ ਬਹੁਤ ਮਜ਼ਬੂਤ ਹੈ ਅਤੇ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ। ਸ਼ਹਿਰ ਦੇ ਲੋਕਾਂ ਦਾ ਵੀ ਆਮ ਆਦਮੀ ਪਾਰਟੀ ਉੱਤੇ ਉਨਾ ਹੀ ਪੂਰਾ ਭਰੋਸਾ ਹੈ ਜਿੰਨਾ ਪੇਂਡੂ ਖੇਤਰਾਂ ਦੇ ਲੋਕਾਂ ਦਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈਡੀ ਪਾਰਟੀ ਕਹਿ ਰਹੀ ਸੀ ਕਿ ਉਹ ਸ਼ਹਿਰਾਂ ਵਿੱਚ ਮਜ਼ਬੂਤ ਹੈ। ਅੱਜ ਇਹ ਪਤਾ ਲੱਗ ਗਿਆ ਹੈ ਕਿ ਸ਼ਹਿਰਾਂ ਵਿੱਚੋਂ ਈਡੀ ਪਾਰਟੀ ਦਾ ਬਿਲਕੁਲ ਸਫਾਇਆ ਹੋ ਗਿਆ ਹੈ। ਖਾਸ ਤੌਰ ‘ਤੇ ਜਿਸ ਤਰ੍ਹਾਂ ਈਡੀ ਪਾਰਟੀ ਨੇ ਈਡੀ ਦੀ ਵਰਤੋਂ ਕਰਕੇ ਪਿਛਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਛੋਟੇ-ਛੋਟੇ ਵਪਾਰੀਆਂ ‘ਤੇ ਰੇਡ ਕਰਵਾਈ ਹੈ, ਆਮ ਵਪਾਰੀਆਂ ਅਤੇ ਹਿੰਦੂ ਵਪਾਰੀਆਂ ਨੂੰ ਜਿਸ ਤਰ੍ਹਾਂ ਈਡੀ ਪੰਜਾਬ ਦੇ ਅੰਦਰ ਪ੍ਰੇਸ਼ਾਨ ਕਰ ਰਹੀ ਹੈ, ਲੋਕਾਂ ਨੇ ਉਸ ਦਾ ਈਡੀ ਪਾਰਟੀ ਤੋਂ ਬਦਲਾ ਲਿਆ ਹੈ ਅਤੇ ਪੂਰੇ ਪੰਜਾਬ ਦੇ ਅੰਦਰ ਈਡੀ ਪਾਰਟੀ ਦਾ ਪੂਰਾ ਸਫਾਇਆ ਕਰ ਦਿੱਤਾ ਗਿਆ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਚੰਗਾ ਕੰਮ ਕਰ ਰਹੇ ਹਨ, ਅਜਿਹਾ ਚੰਗਾ ਕੰਮ ਜਾਰੀ ਰਹੇਗਾ। ਬੱਸ ਜਨਤਾ ਆਪਣਾ ਪਿਆਰ ਅਤੇ ਭਰੋਸਾ ਬਣਾਈ ਰੱਖੇ।
ਪੰਜਾਬ ਨਿਕਾਏ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ‘ਤੇ ਕਿਹਾ ਕਿ ਪੰਜਾਬੀਆਂ ਨੇ ਇੱਕ ਵਾਰ ਫਿਰ ‘‘ਆਪ ਦੀ ਸਰਕਾਰ’’ ਦੇ ਕੰਮਾਂ ‘ਤੇ ਮੋਹਰ ਲਗਾ ਦਿੱਤੀ ਹੈ। ਵਿਧਾਨ ਸਭਾ, ਲੋਕ ਸਭਾ, ਪੰਚਾਇਤ ਚੋਣਾਂ ਅਤੇ ਹੁਣ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। 90 ਫੀਸਦੀ ਤੋਂ ਵੱਧ ਨਗਰ ਕੌਂਸਲਾਂ ਵਿੱਚ ਸਾਡੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਸਾਰੀਆਂ ਵਿਰੋਧੀ ਪਾਰਟੀਆਂ ਦੀਆਂ ਕੁੱਲ ਵੋਟਾਂ ਵੀ ਮਿਲਾ ਲਈਆਂ ਜਾਣ, ਤਾਂ ਵੀ ਉਹ “ਆਪ” ਦੇ ਬਰਾਬਰ ਨਹੀਂ ਪਹੁੰਚਦੀਆਂ। ਭਾਜਪਾ ਤਾਂ ਖਿਸਕ ਕੇ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਹ ਜਿੱਤ ਜਨਤਾ ਨੂੰ ਮਿਲ ਰਹੀ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ, ਬਿਹਤਰੀਨ ਸਕੂਲਾਂ ਅਤੇ ਪਾਰਦਰਸ਼ੀ ਤਰੀਕੇ ਨਾਲ ਮਿਲ ਰਹੀਆਂ ਨੌਕਰੀਆਂ ਦੀ ਜਿੱਤ ਹੈ। ਜਿੱਤਣ ਵਾਲੇ ਸਾਰੇ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨੂੰ ਬਹੁਤ-ਬਹੁਤ ਵਧਾਈ। ਹੁਣ ਕੋਈ ਵਿਤਕਰਾ ਨਹੀਂ ਹੋਵੇਗਾ। ਹਰ ਸ਼ਹਿਰ, ਕਸਬੇ ਅਤੇ ਪਿੰਡ ਦਾ ਇੱਕ ਸਮਾਨ ਵਿਕਾਸ ਹੋਵੇਗਾ। ਅਸੀਂ ਸਕਾਰਾਤਮਕ ਅਤੇ ਵਿਕਾਸ ਦੀ ਰਾਜਨੀਤੀ ਕਰਨ ਵਾਲੇ ਲੋਕ ਹਾਂ।
ਦੂਜੇ ਪਾਸੇ, ਪੰਜਾਬ ‘‘ਆਪ’’ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸ਼ਹਿਰੀ ਸਥਾਨਕ ਨਿਕਾਏ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਇਹ ਜਿੱਤ ਜਨਤਾ ਦਾ ਸੁਨੇਹਾ ਹੈ ਕਿ ਭਗਵੰਤ ਸਿੰਘ ਮਾਨ ਸਰਕਾਰ ਦੇ ਕੰਮਾਂ ਤੋਂ ਜਨਤਾ ਖੁਸ਼ ਹੈ। ਨਾਲ ਹੀ ਜਨਤਾ ਦਾ ਸੁਨੇਹਾ ਹੈ ਕਿ ਈਡੀ ਪਾਰਟੀ ਦੀ ਘਟੀਆ ਰਾਜਨੀਤੀ ਪੰਜਾਬ ਦੀ ਜਨਤਾ ਨੂੰ ਪ੍ਰਵਾਨ ਨਹੀਂ ਹੈ। ਪੰਜਾਬ ਵਿੱਚ ਈਡੀ ਪਾਰਟੀ ਦੇ 1142 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਪੰਜਾਬ ਵਿੱਚ ਈਡੀ ਪਾਰਟੀ ਦੀ ਦਹਿਸ਼ਤ, ਨਫ਼ਰਤ ਅਤੇ ਗੱਦਾਰੀ ਦੀ ਰਾਜਨੀਤੀ ਨਹੀਂ ਚੱਲਦੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਚੋਣ ਜਿੱਤ ਨਹੀਂ ਹੈ, ਬਲਕਿ ਪੰਜਾਬ ਦੀ ਜਨਤਾ ਦਾ ਸਾਫ਼ ਸੁਨੇਹਾ ਹੈ ਕਿ ਉਹ ਗੱਦਾਰੀ ਅਤੇ ਧੋਖੇ ਦੀ ਰਾਜਨੀਤੀ ਦੇ ਨਾਲ ਖੜ੍ਹੇ ਨਹੀਂ ਹੋਣਗੇ। ਇਮਾਨਦਾਰੀ ਦੇ ਨਾਲ ਖੜ੍ਹੇ ਹੋਣਗੇ, ਕੰਮ ਦੀ ਰਾਜਨੀਤੀ ਦੇ ਨਾਲ ਖੜ੍ਹੇ ਹੋਣਗੇ।
ਇਸ ਦੇ ਨਾਲ ਹੀ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੀਆਂ ਨਿਕਾਏ ਚੋਣਾਂ ਦੇ ਨਤੀਜਿਆਂ ਤੋਂ ਇਹ ਸਾਬਤ ਹੋ ਗਿਆ ਹੈ ਕਿ ਜਨਤਾ ਹਮੇਸ਼ਾ ਬੇਇਨਸਾਫ਼ੀ ਦੇ ਖ਼ਿਲਾਫ਼ ਖੜ੍ਹੀ ਹੁੰਦੀ ਹੈ। ਜਦੋਂ ਕਿਸੇ ਨਾਲ ਨਾਇਨਸਾਫ਼ੀ ਹੁੰਦੀ ਹੈ ਅਤੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਲੋਕ ਉਸ ਦੇ ਸਮਰਥਨ ਵਿੱਚ ਇੱਕਜੁੱਟ ਹੋ ਜਾਂਦੇ ਹਨ। ਪਿਛਲੇ ਦੋ ਮਹੀਨਿਆਂ ਤੋਂ ਈਡੀ ਨੇ ਪੰਜਾਬ ਵਿੱਚ ਆਪਣਾ ਡੇਰਾ ਲਾਇਆ ਹੋਇਆ ਹੈ। ਪਹਿਲਾਂ ਸਾਡੇ ਸੰਸਦ ਮੈਂਬਰਾਂ ਦੇ ਘਰਾਂ ‘ਤੇ ਛਾਪੇ ਮਾਰੇ ਗਏ, ਜਿਸ ਤੋਂ ਬਾਅਦ ਕੁਝ ਨੇ ਡਰ ਜਾਂ ਲਾਲਚ ਵਿੱਚ ਆ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਇਸ ਦੇ ਬਾਵਜੂਦ ਸਾਡੇ ਮੰਤਰੀਆਂ, ਵਿਧਾਇਕਾਂ ਅਤੇ ਸਰਕਾਰੀ ਦਫ਼ਤਰਾਂ ‘ਤੇ ਲਗਾਤਾਰ ਛਾਪੇਮਾਰੀ ਹੋ ਰਹੀ ਹੈ। ਲਗਭਗ ਹਰ ਹਫ਼ਤੇ ਦੋ-ਤਿੰਨ ਥਾਵਾਂ ‘ਤੇ ਈਡੀ ਦੀ ਕਾਰਵਾਈ ਹੋ ਰਹੀ ਹੈ। ਪੰਜਾਬ ਦੇ ਲੋਕ ਇਹ ਸਭ ਦੇਖ ਰਹੇ ਹਨ ਕਿ ਕੇਂਦਰ ਵਿੱਚ ਬੈਠੀ ਭਾਜਪਾ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਦੇ ਚੱਕਰ ਵਿੱਚ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੇ ਹੋ ਗਏ ਹਨ।
