ਪਿੰਡ ਸੈਣੀ ਮਾਜਰਾ ਵਿਖੇ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਏ ਹਰਜੋਤ ਸਿੰਘ ਬੈਂਸ

ਨੰਗਲ 17 ਸਤੰਬਰ – ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਪਿੰਡ ਸੈਣੀ ਮਾਜਰਾ ਦੇ ਸਰਪੰਚ ਜੀਤ ਰਾਮ (ਰਿੰਕੂ) ਜੀ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਧੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਕਰਵਾਏ ਗਏ ਧਾਰਮਿਕ ਕੀਰਤਨ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਦਿਆਂ ਧੀ ਦੇ ਜਨਮਦਿਨ ਦੀ ਵਧਾਈ ਦਿੱਤੀ ਅਤੇ ਪਰਿਵਾਰ ਦੀ ਖੁਸ਼ਹਾਲੀ, ਤੰਦਰੁਸਤੀ ਤੇ ਚੜ੍ਹਦੀ ਕਲਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੌਰਾਨ ਇਲਾਕੇ ਦੀ ਸੰਗਤ ਅਤੇ ਪਤਵੰਤੇ ਸੱਜਣ ਵੀ ਹਾਜ਼ਰ ਰਹੇ।
      ਇਸ ਪਵਿੱਤਰ ਮੌਕੇ ’ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਵਾਮੀ ਅਮੋਲਕਾ ਨੰਦ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਸਾਨੂੰ ਅਧਿਆਤਮਿਕਤਾ ਨਾਲ ਜੋੜਨ ਦੇ ਨਾਲ-ਨਾਲ ਆਪਸੀ ਪਿਆਰ, ਸਤਿਕਾਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਵਿੱਚ ਬੱਚਿਆਂ ਦੇ ਜਨਮਦਿਨ ਜਾਂ ਹੋਰ ਖੁਸ਼ੀ ਦੇ ਮੌਕਿਆਂ ਨੂੰ ਧਾਰਮਿਕ ਭਾਵਨਾ ਅਤੇ ਸੇਵਾ ਨਾਲ ਜੋੜ ਕੇ ਮਨਾਉਣਾ ਇੱਕ ਸੁੰਦਰ ਪਰੰਪਰਾ ਹੈ, ਜਿਸ ਨਾਲ ਪਰਿਵਾਰਕ ਖੁਸ਼ੀ ਦੇ ਨਾਲ-ਨਾਲ ਸਮਾਜਿਕ ਸਾਂਝ ਵੀ ਵਧਦੀ ਹੈ।
      ਕੀਰਤਨ ਸਮਾਗਮ ਦੌਰਾਨ ਗੁਰੂ ਜਸ ਅਤੇ ਧਾਰਮਿਕ ਬਾਣੀ ਦਾ ਗਾਇਨ ਕੀਤਾ ਗਿਆ। ਸਮਾਗਮ ਵਿੱਚ ਪਹੁੰਚੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਮਨ ਨੂੰ ਸਕੂਨ ਅਤੇ ਆਤਮਿਕ ਬਲ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਪਰਿਵਾਰ ਵੱਲੋਂ ਧੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਕਰਵਾਏ ਇਸ ਸਮਾਗਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੇ ਸਮਾਜ ਵਿੱਚ ਸਾਂਝ, ਸਦਭਾਵਨਾ ਅਤੇ ਸਕਾਰਾਤਮਕ ਮਾਹੌਲ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
      ਇਸ ਮੌਕੇ ਸਰਪੰਚ ਸ. ਜੀਤ ਰਾਮ (ਰਿੰਕੂ) ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਮਾਗਮ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਧੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਕਰਵਾਏ ਗਏ ਕੀਰਤਨ ਸਮਾਗਮ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨਾਲ ਪਰਿਵਾਰ ਦੀ ਖੁਸ਼ੀ ਹੋਰ ਵਧੀ ਹੈ। ਸਮਾਗਮ ਵਿੱਚ ਪਰਿਵਾਰ ਅਤੇ ਇਲਾਕੇ ਦੀ ਖੁਸ਼ਹਾਲੀ, ਪੰਜਾਬ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।


Posted

in

by

Comments

Leave a Reply

Your email address will not be published. Required fields are marked *