ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਪਰਾਲੀ ਪ੍ਰਬੰਧਨ ਅਤੇ ਟਿਕਾਊ ਖੇਤੀਬਾੜੀ ਸਬੰਧੀ ਕਿਸਾਨ ਮੇਲਾ ਕਰਵਾਇਆ ਗਿਆ

ਰੂਪਨਗਰ, 16 ਅਕਤੂਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਅਤੇ ਆਈ.ਸੀ.ਏ.ਆਰ.-ਅਟਾਰੀ ਜ਼ੋਨ-1 ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਰੋਪੜ ਵੱਲੋਂ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਸਤਬੀਰ ਸਿੰਘ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਅਤੇ ਟਿਕਾਊ ਖੇਤੀਬਾੜੀ ਵਿਸ਼ੇ ’ਤੇ ਵਿਸ਼ਾਲ ਕਿਸਾਨ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ 700 ਤੋਂ ਵੱਧ ਕਿਸਾਨਾਂ, ਕਿਸਾਨ ਬੀਬੀਆਂ ਅਤੇ ਖੇਤੀਬਾੜੀ ਨਾਲ ਜੁੜੇ ਉੱਦਮੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੇਲੇ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਵਾਤਾਵਰਣ ਪੱਖੀ ਖੇਤੀ ਤਕਨੀਕਾਂ ਬਾਰੇ ਜਾਗਰੂਕ ਕਰਨਾ ਸੀ।

ਮੇਲੇ ਵਿੱਚ ਵਧੀਕ ਨਿਰਦੇਸ਼ਕ, ਪਸਾਰ ਸਿੱਖਿਆ, ਪੀ.ਏ.ਯੂ. ਲੁਧਿਆਣਾ ਡਾ. ਪ੍ਰਭਜੋਧ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਨਿਰਮਲ ਸਿੰਘ, ਸਹਿਯੋਗੀ ਨਿਰਦੇਸ਼ਕ, ਕੇ.ਵੀ.ਕੇ. ਮੋਹਾਲੀ ਡਾ. ਬੀ.ਐੱਸ. ਖੱਦਾ, ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਰੂਪਨਗਰ ਸ਼੍ਰੀਮਤੀ ਸੰਜੂ ਅਤੇ ਜ਼ਿਲ੍ਹਾ ਪ੍ਰੋਗਰਾਮ ਪ੍ਰਬੰਧਕ, ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਸ਼੍ਰੀਮਤੀ ਬੰਦਨਾ ਭਾਰਦਵਾਜ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।

ਇਸ ਮੌਕੇ ਡਾ. ਸਤਬੀਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਤਕਨੀਕਾਂ ਅਪਣਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਡਾ. ਨਿਰਮਲ ਸਿੰਘ ਨੇ ਜ਼ਿਲ੍ਹੇ ਵਿੱਚ ਪਰਾਲੀ ਦੇ ਖੇਤਾਂ ਅੰਦਰ ਅਤੇ ਖੇਤਾਂ ਤੋਂ ਬਾਹਰ ਸੁਚੱਜੇ ਪ੍ਰਬੰਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਅਤੇ ਇਸ ਦੇ ਢੁੱਕਵੇਂ ਨਿਬੇੜੇ ਲਈ ਉਪਲਬਧ ਤਕਨੀਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਪ੍ਰਭਜੋਧ ਸਿੰਘ ਸੰਧੂ ਨੇ ਸਾਲ 2025-26 ਦੌਰਾਨ ਰੂਪਨਗਰ ਜ਼ਿਲ੍ਹੇ ਨੂੰ ਪਰਾਲੀ ਸਾੜਨ ਤੋਂ ਮੁਕਤ ਬਣਾਉਣ ਵਿੱਚ ਕਿਸਾਨਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਹੀ ਸੰਭਾਲਣ ਦੀਆਂ ਵਿਗਿਆਨਕ ਤਕਨੀਕਾਂ ਅਪਣਾਉਣ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ, ਕੁਦਰਤੀ ਸਰੋਤਾਂ ਦੀ ਸੰਭਾਲ ਹੁੰਦੀ ਹੈ ਅਤੇ ਫ਼ਸਲਾਂ ਦੇ ਟਿਕਾਊ ਉਤਪਾਦਨ ਨੂੰ ਉਤਸ਼ਾਹ ਮਿਲਦਾ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਖੇਤਾਂ ਵਿੱਚ ਹੀ ਸੁਚੱਜਾ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ।

ਕਿਸਾਨ ਮੇਲੇ ਦੌਰਾਨ ਖੇਤੀਬਾੜੀ, ਬਾਗ਼ਬਾਨੀ, ਭੂਮੀ ਅਤੇ ਜਲ ਸੰਭਾਲ, ਜੰਗਲਾਤ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਨਿੱਜੀ ਸੰਸਥਾਵਾਂ ਵੱਲੋਂ ਪ੍ਰਦਰਸ਼ਨੀ ਸਟਾਲ ਲਗਾਏ ਗਏ। ਇਨ੍ਹਾਂ ਸਟਾਲਾਂ ਰਾਹੀਂ ਖੇਤੀ ਮਸ਼ੀਨੀਕਰਨ, ਕੁਦਰਤੀ ਖੇਤੀ ਅਤੇ ਪਰਾਲੀ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ, ਮੋਹਾਲੀ ਅਤੇ ਸਮਰਾਲਾ ਦੇ ਮਾਹਿਰਾਂ ਨੇ ਕਿਸਾਨਾਂ ਨਾਲ ਖੇਤੀਬਾੜੀ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੀਜਾਂ, ਖੇਤੀਬਾੜੀ ਸਾਹਿਤ, ਪਸ਼ੂ ਪੋਸ਼ਣ ਉਤਪਾਦਾਂ ਅਤੇ ਗੰਡੋਇਆਂ ਦੀ ਖਾਦ ਦੀ ਵਿਕਰੀ ਵੀ ਕੀਤੀ ਗਈ। ਇਸ ਤੋਂ ਇਲਾਵਾ ਅਨਮੋਲ ਰਤਨ ਕਾਲਜ, ਢੇਰ ਦੇ ਵਿਦਿਆਰਥੀਆਂ ਵੱਲੋਂ ਨੌਜਵਾਨਾਂ ਵਿੱਚ ਨਸ਼ਿਆਂ ਦੀ ਸਮੱਸਿਆ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਨੁੱਕੜ ਨਾਟਕ ਪੇਸ਼ ਕੀਤਾ ਗਿਆ।

ਸਮਾਗਮ ਵਿੱਚ ਪ੍ਰੋਫੈਸਰ (ਸਬਜ਼ੀ ਵਿਗਿਆਨ) ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਡਾ. ਸੰਜੀਵ ਅਹੂਜਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨ ਮੇਲੇ ਕਿਸਾਨਾਂ, ਵਿਗਿਆਨੀਆਂ ਅਤੇ ਖੇਤੀਬਾੜੀ ਨਾਲ ਸਬੰਧਤ ਸੰਸਥਾਵਾਂ ਵਿਚਕਾਰ ਗਿਆਨ ਦੇ ਆਦਾਨ-ਪ੍ਰਦਾਨ ਦਾ ਪ੍ਰਭਾਵਸ਼ਾਲੀ ਮੰਚ ਹਨ। ਉਨ੍ਹਾਂ ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ, ਵਾਤਾਵਰਣ ਦੀ ਸੰਭਾਲ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਸਾਂਝੇ ਯਤਨ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।


Posted

in

,

by

Comments

Leave a Reply

Your email address will not be published. Required fields are marked *