ਕਿਸਾਨਾਂ ਨੂੰ ਝੋਨੇ ਦੀ ਪੂਸਾ 44 ਕਿਸਮ ਦੀ ਬਿਜਾਈ ਨਾ ਕਰਨ ਦੀ ਅਪੀਲ

ਫਾਜ਼ਿਲਕਾ 9 ਮਈ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਖੇਤੀਬਾੜੀ ਵਿਭਾਗ ਵੱਲੋਂ ਪੂਸਾ 44 ਕਿਸਮ ਤੇ ਪਾਬੰਦੀ ਲਗਾਏ ਜਾਣ ਦੇ ਮੱਦੇਨਜਰ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਇਸ ਕਿਸਮ ਦੀ ਬਿਜਾਈ ਨਾ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬੇ ਵਿੱਚ ਪੀ.ਏ.ਯੂ. ਦੀ ਸਿਫਾਰਿਸ਼ਾਂ ਅਨੁਸਾਰ ਘੱਟ ਪਾਣੀ ਅਤੇ ਪੱਕਣ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ.ਆਰ. 126 ਅਤੇ ਹੋਰ ਘੱਟ ਪਾਣੀ ਵਾਲੀਆਂ ਕਿਸਮਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਿਧੀ ਰਾਹੀਂ ਬਿਜਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਧੀਨ ਝੋਨੇ ਦੀ ਪੂਸਾ-44 ਕਿਸਮ ਨੂੰ ਨਾ ਲਗਾਉਣ ਸਬੰਧੀ ਕਿਹਾ ਗਿਆ ਹੈ, ਕਿਉਂਕਿ ਪੂਸਾ-44 ਕਿਸਮ ਜਿੱਥੇ ਵੱਧ ਪਾਣੀ, ਪੱਕਣ ਵਿੱਚ ਵੱਧ ਸਮਾਂ ਲੈਂਦੀ ਹੈ ਨਾਲ ਹੀ ਕਟਾਈ ਉਪਰੰਤ ਇਹ ਕਿਸਮ ਪਰਾਲ ਜਿਆਦਾ ਛੱਡਦੀ ਹੈ। ਜਿਆਦਾ ਪਰਾਲ ਛੱਡਣ ਕਰਕੇ ਕਈ ਵਾਰ ਕਿਸਾਨਾਂ ਮਜਬੂਰਨ ਇਸ ਨੂੰ ਅੱਗ ਲਗਾ ਦਿੰਦੇ ਹਨ ਤਾਂ ਕਿ ਅਗਲੀ ਫਸਲ ਦੀ ਬਿਜਾਈ ਜਲਦੀ ਕੀਤੀ ਜਾ ਸਕੇ। ਇਸ ਦੇ ਪਰਾਲ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਕਈ ਹਾਦਸੇ ਧੂੰਏ ਕਾਰਨ ਵਾਪਰਦੇ ਹਨ। ਇਸ ਤੋਂ ਇਲਾਵਾ ਪੂਸਾ-44 ਕਿਸਮ ਝੁਲਸ ਰੋਗ ਦੀ ਬਿਮਾਰੀ ਅਤੇ ਕਈ ਪ੍ਰਕਾਰ ਦੇ ਰੱਸ ਚੁੱਸਣ ਵਾਲੇ ਕੀੜੇ ਮਕੌੜਿਆਂ ਤੋਂ ਜਲਦੀ ਪ੍ਰਭਾਵਿਤ ਹੋਣ ਦਾ ਖਦਸ਼ਾ ਰੱਖਦੀ ਹੈ ਤੇ ਕਿਸਾਨਾਂ ਨੂੰ ਮਜਬੂਰਨ ਮਹਿੰਗੇ ਪੈਸਟੀਸਾਈਡ/ਜਹਿਰਾਂ ਦਾ ਪ੍ਰਯੋਗ ਕਰਨਾ ਪੈਂਦਾ ਹੈ ਜੇ ਆਰਥਿਕ ਤੌਰ ਤੇ ਕਿਸਾਨਾਂ ਦੇ ਖਰਚੇ ਵਧਾਉਂਦਾ ਹੈ ਨਾਲ ਹੀ ਸੂਬੇ ਦੀ ਮਿੱਟੀ ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਦੀ ਦਰ ਵਿੱਚ ਵਾਧਾ ਕਰਦਾ ਹੈ।
ਇਹਨਾਂ ਪਹਿਲੂਆਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪੂਸਾ 44 ਕਿਸਮ ਦੀ ਬਿਜਾਈ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ  ਕਿ ਖੇਤੀਬਾੜੀ ਵਿਭਾਗ ਨੇ ਇਸਦੀ ਵਿਕਰੀ ਤੇ ਬਿਜਾਈ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਇਸ ਲਈ ਕਿਸਾਨ ਇਸ ਦੀ ਬਜਾਏ ਘੱਟ ਸਮੇਂ ਵਿਚ ਪੱਕਣ ਵਾਲੀਆਂ ਯੁਨੀਵਰਸਿਟੀ ਵੱਲੋਂ ਸਿਫਾਰਸ਼ਸੁਦਾ ਕਿਸਮਾਂ ਦੀ ਹੀ ਬਿਜਾਈ ਕਰਨ।

Leave a Reply

Your email address will not be published. Required fields are marked *