ਚੰਡੀਗੜ੍ਹ/ਪਟਿਆਲਾ, 20 ਜੁਲਾਈ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ ਪੰਜਾਬ ਪੁਲਿਸ ਨੇ ਵਿਦੇਸ਼ੀ ਹੈਂਡਲਰ ਮਨਿੰਦਰ ਬਿੱਲਾ ਅਤੇ ਮਨੂ ਅਗਵਾਨ ਵੱਲੋਂ ਚਲਾਏ ਜਾ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.)  ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਸਦੇ ਤਿੰਨ ਮੈਂਬਰਾਂ , ਜੋ ਪਟਿਆਲਾ ਦੇ ਬਾਦਸ਼ਾਹਪੁਰ ਅਤੇ ਹਰਿਆਣਾ ਦੇ ਅਜੀਮਗੜ੍ਹ ਵਿਖੇ ਪੁਲਿਸ ਚੌਕੀਆਂ ’ਤੇ ਗ੍ਰਨੇਡ ਹਮਲਿਆਂ ਵਿੱਚ ਸ਼ਾਮਲ ਸਨ, ਨੂੰ ਗ੍ਰਿਫ਼ਤਾਰ ਕੀਤਾ ਹੈ । ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦਿੱਤੀ।

ਇਹ ਆਪ੍ਰੇਸ਼ਨ ਕਾਊਂਟਰ ਇੰਟੈਲੀਜੈਂਸ (ਸੀਆਈ) ਪਟਿਆਲਾ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਐਸ.ਏ.ਐਸ. ਨਗਰ ਦੁਆਰਾ ਸਾਂਝੇ ਤੌਰ ’ਤੇ ਚਲਾਇਆ ਗਿਆ ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ਼ ਦੀਪੂ ਵਾਸੀ ਬਾਦਸ਼ਾਹਪੁਰ (ਪਟਿਆਲਾ), ਹਰਪ੍ਰੀਤ ਸਿੰਘ ਉਰਫ਼ ਜੱਗਾ ਵਾਸੀ ਹਰਚੰਦਪੁਰਾ(ਪਟਿਆਲਾ) ਅਤੇ ਹਰਮਨਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਗੁਰਦਿਆਲਪੁਰਾ (ਪਟਿਆਲਾ) ਵਜੋਂ ਹੋਈ ਹੈ।

ਦੱਸਣਯੋਗ ਹੈ ਕਿ, 1 ਅਪ੍ਰੈਲ, 2025 ਨੂੰ ਪਟਿਆਲਾ ਦੇ ਪੁਲਿਸ ਚੌਕੀ ਬਾਦਸ਼ਾਹਪੁਰ ਅਤੇ 6 ਅਪ੍ਰੈਲ, 2025 ਨੂੰ ਹਰਿਆਣਾ ਦੇ ਪੁਲਿਸ ਚੌਕੀ ਅਜੀਮਗੜ੍ਹ ’ਤੇ ਗ੍ਰਨੇਡ ਹਮਲੇ ਹੋਏ ਸਨ। ਇਨ੍ਹਾਂ ਘਟਨਾਵਾਂ ਤੋਂ ਬਾਅਦ, ਬੀ.ਕੇ.ਆਈ. ਦੇ ਕਾਰਕੁਨਾਂ – ਹੈਪੀ ਪਾਸੀਆਂ, ਮਨੂ ਅਗਵਾਨ ਅਤੇ ਗੋਪੀ ਨਵਾਸ਼ਹਿਰੀਆ  ਨੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਇਨ੍ਹਾਂ ਅੱਤਵਾਦੀ ਕਾਰਵਾਈਆਂ ਦੀ ਜ਼ਿੰਮੇਵਾਰੀ ਲਈ ਸੀ।  

ਡੀਜੀਪੀ ਨੇ ਕਿਹਾ, ‘‘ਇਸ ਮਾਡਿਊਲ ਨੂੰ ਸਫਲਤਾਪੂਰਵਕ ਨਸ਼ਟ ਕਰਕੇ, ਪੰਜਾਬ ਪੁਲਿਸ ਨੇ ਰਾਜ ਵਿੱਚ ਪੁਲਿਸ ਅਦਾਰਿਆਂ ’ਤੇ ਹੋਏ ਗ੍ਰਨੇਡ ਹਮਲਿਆਂ ਦੀਆਂ ਦੋਵੇਂ ਘਟਨਾਵਾਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਹੈਂਡਲਰ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮਾਡਿਊਲ ਨੂੰ ਲੌਜਿਸਟਿਕਲ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮਾਡਿਊਲ ਪੰਜਾਬ ਵਿੱਚ ਪੁਲਿਸ ਅਦਾਰਿਆਂ ’ਤੇ ਹੋਰ ਹਮਲਿਆਂ ਦੀ ਸਰਗਰਮੀ ਨਾਲ ਯੋਜਨਾ ਬਣਾ ਰਿਹਾ ਸੀ, ਜਦੋਂ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਹੋਰ ਵੇਰਵੇ ਸਾਂਝੇ ਕਰਦਿਆਂ ਏ.ਆਈ.ਜੀ. ਸੀ.ਆਈ. ਪਟਿਆਲਾ ਡਾ. ਸਿਮਰਤ ਕੌਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਕਬੂਲਿਆ ਹੈ ਕਿ  ਦੋਵਾਂ ਪੁਲਿਸ ਅਦਾਰਿਆਂ ’ਤੇ ਹਮਲਿਆਂ ਦੀ ਯੋਜਨਾ ਉਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਬੱਬੂ ਨੇ ਬਣਾਈ ਸੀ, ਜੋ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ ਅਤੇ ਪੁਲਿਸ ਦੀ ਹਿਰਾਸਤ ਵਿੱਚ ਹੈ।

ਉਨ੍ਹਾਂ ਕਿਹਾ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਉਰਫ਼ ਬੱਬੂ ਨੇ ਬਾਦਸ਼ਾਹਪੁਰ ਹਮਲੇ ਵਿੱਚ ਸ਼ਾਮਲ ਹੋਣ ਬਦਲੇ ਸੰਦੀਪ ਸਿੰਘ ਉਰਫ਼ ਦੀਪੂ ਨੂੰ 3-4 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜਦੋਂ ਕਿ ਹਰਮਨਪ੍ਰੀਤ ਸਿੰਘ ਉਰਫ਼ ਪ੍ਰੀਤ ਨੂੰ ਅਜੀਮਗੜ੍ਹ ਹਮਲੇ ਵਿੱਚ ਸਾਥ ਦੇਣ ਲਈ 10,000 ਰੁਪਏ ਦਿੱਤੇ ਗਏ ਸਨ।

ਏਆਈਜੀ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧੀ ਥਾਣਾ ਐਸਐਸਓਸੀ ਐਸਏਐਸ ਨਗਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 (1) (ਬੀ) ਅਤੇ 61 (2) ਤਹਿਤ ਐਫਆਈਆਰ ਨੰਬਰ 11 ਮਿਤੀ 19/7/2025 ਨੂੰ ਕੇਸ ਦਰਜ ਕੀਤਾ ਗਿਆ ਹੈ, ਜਦੋਂ ਕਿ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4, 5 ਅਤੇ 6 ਬਾਅਦ ਵਿੱਚ ਨਾਲ ਜੋੜੀਆਂ ਗਈਆਂ ਹਨ।

Leave a Reply

Your email address will not be published. Required fields are marked *