ਮੋਗਾ 19 ਜੂਨ,
ਡਾ: ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਵੱਲੋਂ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਏ ਵਾਲੇ ਖੇਤਾਂ ਵਿਚ ਫਸਲ ਦੀ ਹਾਲਤ ਬਹੁਤ ਵਧੀਆ ਹੈ ਅਤੇ ਅਜੇ ਤੱਕ ਕਿਸੇ ਵੀ ਸੂਖਮ ਤੱਤ ਦੀ ਘਾਟ ਵੇਖਣ ਵਿਚ ਨਹੀਂ ਆਈ। ਫਸਲ ਵਿਚ ਨਦੀਨ ਵੀ ਨਹੀਂ ਵੇਖੇ ਗਏ। ਪ੍ਰੰਤੂ ਫਿਰ ਵੀ ਕਿਸਾਨ ਲਗਾਤਾਰ ਆਪਣੇ ਖੇਤਾਂ ਦਾ ਦੌਰਾ ਕਰਦੇ ਰਹਿਣ ਅਤੇ ਜੇਕਰ ਨਦੀਨ ਉੱਗ ਪੈਣ ਤਾਂ ਝੋਨੇ ਦੀ ਬਿਜਾਈ ਦੇ 15 ਤੋਂ 25 ਦਿਨਾਂ ਦੇ ਵਿਚਕਾਰ ਸਵਾਂਕ, ਝੋਨੇ ਦੇ ਮੋਥੇ ਦੀ ਰੋਕਥਾਮ ਲਈ ਜਦ ਨਦੀਨ 2 ਤੋਂ 4 ਪੱਤੇ ਦਾ ਹੋਵੇ ਤਾਂ ਨੌਮੀਨੀਗੋਲਡ 10 ਐਸ.ਸੀ 100 ਮਿਲੀਲਿਟਰ ਦੀ ਸਪਰੇ ਕਰ ਸਕਦੇ ਹਨ। ਗੁੜਤ, ਮਧਾਨਾ, ਚੀਨੀ ਘਾਹ, ਚਿੜੀ ਘਾਅ ਅਤੇ ਤੱਕੜੀ ਘਾਹ ਦੀ ਰੋਕਥਾਮ ਲਈ ਫਸਲ ਬੀਜਣ ਦੇ 20 ਤੋ਼ 25 ਦਿਨਾਂ ਵਿਚਕਾਰ 400 ਮਿਲੀਲਿਟਰ ਰਾਈਸ ਸਟਾਰ 6.7 ਈ.ਸੀ ਦੀ ਸਪਰੇ ਕੀਤੀ ਜਾ ਸਕਦੀ ਹੈ। ਇਨ੍ਹਾਂ ਦਵਾਈਆਂ ਤੋਂ ਇਲਾਵਾ ਕਿਸਾਨ ਨਦੀਨਾਂ ਦੀ ਕਿਸਮ ਅਨੁਸਾਰ ਸਿਫਾਰਸ਼ਸ਼ੁਦਾ ਦਵਾਈਆਂ ਦੀ ਵਰਤੋਂ ਵੀ ਕਰ ਸਕਦੇ ਹਨ। ਕਿਸਾਨ ਨਦੀਨਾਸ਼ਕਾਂ ਸਬੰਧੀ ਖੇਤੀ ਮਾਹਿਰਾਂ ਨਾਲ ਮਸ਼ਵਰਾ ਜ਼ਰੂਰ ਕਰਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਕਈ ਵਾਰ ਲੋਹਾ ਜਿੰਕ ਦੀ ਘਾਟ ਆ ਜਾਂਦੀ ਹੈ। ਇਸ ਲਈ ਜੇਕਰ ਲੋਹਾ ਜਿੰਕ ਦੀ ਘਾਟ ਦੇ ਲੱਛਣ ਦਿਸਣ ਤਾਂ ਇਕ ਕਿਲੋ ਫੈਰਿਸ ਸਲਫੇਟ 100 ਲਿਟਰ ਪਾਣੀ ਵਿਚ ਘੋਲ ਕੇ ਸਪਰੇ ਕੀਤਾ ਜਾਵੇ। ਸਿੱਧੀ ਬਿਜਾਈ ਵਾਲੇ ਝੋਨੇ ਨੂੰ 130 ਕਿਲੋਗ੍ਰਾਮ ਯੂਰੀਆ ਤਿੰਨ ਬਰਾਬਰ ਕਿਸ਼ਤਾਂ ਵਿਚ ਵੰਡ ਕੇ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਈ ਜਾਵੇ। ਖਾਦਾਂ ਦੀ ਵਰਤੋਂ ਜੇਕਰ ਮਿੱਟੀ ਪਰਖ ਦੇ ਅਧਾਰ ਤੇ ਕੀਤੀ ਜਾਵੇ ਤਾਂ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਹੁਣ ਬਾਸਮਤੀ ਅਤੇ ਝੋਨੇ ਦੀ ਕਿਸਮ ਪੀ.ਆਰ. 126 ਕਿਸਮ ਦੀ ਸਿੱਧੀ ਬਿਜਾਈ ਲਈ ਢੁੱਕਵਾਂ ਸਮਾਂ ਹੈ ਇਸ ਲਈ ਕਿਸਾਨ ਪਾਣੀ ਦੀ ਬੱਚਤ ਅਤੇ ਆਰਥਿਕ ਲਾਹਾ ਲੈਣ ਲਈ ਸਿੱਧੀ ਬਿਜਾਈ ਕਰਨ।–
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦਾ ਨਿਰੀਖਣ
