ਜ਼ਿਲ੍ਹੇ ਦੇ 4612 ਪ੍ਰੀਜ਼ਾਈਡਿੰਗ ਤੇ ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ ਅਤੇ ਪੋਲਿੰਗ ਅਫਸਰਾਂ ਦੀ ਪਹਿਲੀ ਰਿਹਰਸਲ ਕਰਵਾਈ

ਫਾਜ਼ਿਲਕਾ, 5 ਮਈ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹੇ ਦੇ 4612 ਪ੍ਰੀਜ਼ਾਈਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ ਅਤੇ ਪੋਲਿੰਗ ਅਫਸਰਾਂ ਦੀ ਪਹਿਲੀ ਰਿਹਰਸਲ ਕਰਵਾਈ ਗਈ।

ਇਸ ਸਬੰਧੀ ਫਾਜ਼ਿਲਕਾ ਵਿਖ਼ੇ ਚੱਲ ਰਹੀ ਰਿਹਰਸਲ ਦਾ ਦੌਰਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਫਾਜ਼ਿਲਕਾ, ਅਬੋਹਰ, ਜਲਾਲਾਬਾਦ ਅਤੇ ਬੱਲੂਆਣਾ ਦੇ ਏ.ਆਰ.ਓਜ਼. ਦੀ ਨਿਗਰਾਨੀ ਹੇਠ ਹੋਈ ਰਿਹਰਸਲ ਵਿੱਚ 1183 ਪ੍ਰੀਜ਼ਾਈਡਿੰਗ ਅਫ਼ਸਰਾਂ, 1183 ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ ਅਤੇ 2246 ਪੋਲਿੰਗ ਅਫ਼ਸਰਾਂ ਨੇ ਭਾਗ ਲਿਆ|ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ ਦੀ ਸਹੂਲਤ ਲਈ ਇਹ ਸਿਖਲਾਈ ਦੋ ਸ਼ਿਫਟਾਂ ਵਿਚ ਸਵੇਰੇ ਅਤੇ ਸ਼ਾਮ ਨੂੰ ਕਰਵਾਈ ਗਈ।

ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਦੇ ਸਟਾਫ਼ ਲਈ ਸਰਕਾਰੀ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ, ਅਬੋਹਰ ਲਈ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਜਲਾਲਾਬਾਦ ਲਈ ਆਈ.ਟੀ.ਆਈ ਅਤੇ ਬੱਲੂਆਣਾ ਦੇ ਸਟਾਫ਼ ਲਈ ਅਬੋਹਰ ਦੇ ਡੀ.ਏ.ਵੀ. ਕਾਲਜ ਦੇ ਆਡੀਟੋਰੀਅਮ ਵਿਖੇ ਇਹ ਰਿਹਰਸਲ ਕਰਵਾਈ ਗਈ, ਜਿਥੇ ਸਮੁੱਚੇ ਸਟਾਫ਼ ਨੂੰ ਚੋਣ ਪ੍ਰਕਿਰਿਆ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ  ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੋਲਿੰਗ ਪਾਰਟੀਆਂ ਨੂੰ ਵੋਟਿੰਗ ਵਾਲੇ ਦਿਨ ਹੋਣ ਵਾਲੀ ਇਕ-ਇਕ ਕਾਰਵਾਈ ਦਾ ਪਤਾ ਹੋਣਾ ਚਾਹੀਦਾ ਹੈ, ਇਸ ਲਈ ਨਕਲੀ (ਡਮੀ) ਮਸ਼ੀਨ ਰਾਹੀਂ ਵੋਟਿੰਗ ਦੇ ਪੂਰੇ ਪ੍ਰੋਸੇਸ ਬਾਰੇ ਜਾਣਕਾਰੀ ਦਿੱਤੀ ਗਈ |ਉਨ੍ਹਾਂ ਦੱਸਿਆ ਕਿ ਇਕ ਪੋਲਿੰਗ ਪਾਰਟੀ ਵਿਚ ਇਕ ਪ੍ਰੀਜ਼ਾਈਡਿੰਗ ਅਫ਼ਸਰ, ਇਕ ਸਹਾਇਕ ਪ੍ਰੀਜ਼ਾਈਡਿੰਗ ਅਫਸਰ ਅਤੇ ਦੋ ਪੋਲਿੰਗ ਅਫ਼ਸਰ ਹੁੰਦੇ ਹਨ ਤੇ ਹਰੇਕ ਦਾ ਆਪੋ ਆਪਣੇ ਕੰਮ ਹੁੰਦਾ ਹੈ |

ਇਸ ਮੌਕੇ ਵੱਖ ਵੱਖ ਮਾਸਟਰ ਟ੍ਰੇਨਰਾ ਵੱਲੋ ਪ੍ਰੀਜ਼ਾਈਡਿੰਗ ਅਫ਼ਸਰਾਂ , ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ ਅਤੇ ਪੋਲਿੰਗ ਅਫ਼ਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ |

ਇਸ ਮੌਕੇ ਐਸ ਡੀ ਐਮ ਫਾਜ਼ਿਲਕਾ ਵਿਪਿਨ ਭੰਡਾਰੀ, ਨਾਇਬ ਤਹਿਸੀਲਦਾਰ (ਅੰਡਰ ਟ੍ਰੇਨਿੰਗ ) ਹਰਪ੍ਰੀਤ ਸਿੰਘ, ਕਾਰਜ ਸਾਧਕ ਅਫ਼ਸਰ ਮੰਗਤ ਕੁਮਾਰ, ਮਾਸਟਰ ਟ੍ਰੇਨਰ ਸੰਦੀਪ ਅਨੇਜਾ ਆਦਿ ਅਧਿਕਾਰੀ ਮੌਜੂਦ ਸਨ |

Leave a Reply

Your email address will not be published. Required fields are marked *