ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਮੰਡੀ ਦਾ ਦੌਰਾ, ਲਿਫਟਿੰਗ ਵਿਚ ਤੇਜੀ ਦੇ ਦਿੱਤੇ ਹੁਕਮ

ਅਬੋਹਰ 23 ਅਪ੍ਰੈਲ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਅਬੋਹਰ ਮੰਡੀ ਦਾ ਦੌਰਾ ਕੀਤਾ ਅਤੇ ਇੱਥੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇੱਥੇ ਉਨ੍ਹਾਂ ਨੇ ਕਣਕ ਦੀ ਲਿਫਟਿੰਗ ਤੇਜ ਕਰਨ ਦੇ ਹੁਕਮ ਦਿੰਦਿਆਂ ਟਰਾਂਸਪੋਰਟ ਠੇਕੇਦਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਏਂਜਸੀਆਂ ਦੀ ਮੰਗ ਅਨੁਸਾਰ ਟਰੱਕ ਅਤੇ ਲੇਬਰ ਮੁਹਈਆ ਕਰਵਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀ ਵਿਚ ਆਉਣ ਵਾਲੇ ਕਿਸਾਨਾਂ, ਆੜਤੀਆਂ ਜਾਂ ਮਜਦੂਰਾਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਨੇ ਖਰੀਦ ਏਂਜਸੀਆਂ ਨੂੰ ਹਦਾਇਤ ਕੀਤੀ ਕਿ ਰੋਜਾਨਾ ਜਿੰਨ੍ਹੀ ਕਣਕ ਆ ਰਹੀ ਹੈ ਉਨ੍ਹੀ ਕਣਕ ਦੀ ਖਰੀਦ ਕੀਤੀ ਜਾਵੇ ਅਤੇ ਦਿਨ ਦੇ ਖਰੀਦ ਦੇ ਬਰਾਬਰ ਹੀ ਲਿਫਟਿੰਗ ਵੀ ਨਾਲੋ ਨਾਲ ਕੀਤੀ ਜਾਵੇ ਤਾਂ ਜੋ ਮੰਡੀ ਵਿਚ ਥਾਂ ਦੀ ਘਾਟ ਨਾ ਆਵੇ ਅਤੇ ਹੋਰ ਕਿਸਾਨ ਮੰਡੀ ਵਿਚ ਆਪਣੀ ਫਸਲ ਲਿਆ ਸਕਨ। ਉਨ੍ਹਾਂ ਨੇ ਕਿਹਾ ਕਿ ਟਰੱਕਾਂ ਦੀ ਵੰਡ ਏਂਜਸੀਆਂ ਆਪਣੀ ਦੇਖਰੇਖ ਹੇਠ ਕਰਵਾਉਣ ਸਭ ਪਾਸੇ ਬਰਾਬਰ ਲਿਫਟਿੰਗ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਲਿਫਟਿੰਗ ਦੇ ਕੰਮ ਵਿਚ ਕੁਤਾਹੀ ਬਰਦਾਸਤ ਨਹੀਂ ਹੋਵੇਗੀ ਅਤੇ ਜਿਸ ਕਿਸੇ ਦੇ ਪੱਧਰ ਤੇ ਵੀ ਢਿੱਲ ਪਾਈ ਗਈ ਉਸਦੇ ਖਿਲਾਫ ਸਰਕਾਰੀ ਨਿਯਮਾਂ ਅਨੁਸਾਰ ਸਖ਼ਤ ਤੋਂ ਸਖਤ ਕਾਰਵਾਈ ਕਰਨ ਵਿਚ ਗੁਰੇਜ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ 12 ਫੀਸਦੀ ਨਮੀ ਤੋਂ ਜਿਆਦਾ ਵਾਲੀ ਕਣਕ ਮੰਡੀ ਵਿਚ ਨਾ ਲਿਆਉਣ ਅਤੇ ਸੁੱਕੀ ਫਸਲ ਆਵੇਗੀ ਤਾਂ ਨਾਲੋ ਨਾਲ ਖਰੀਦ ਹੋਵੇਗੀ। ਉਨ੍ਹਾਂ ਨੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੌਸਮ ਦੇ ਖਤਰੇ ਦੇ ਮੱਦੇਨਜਰ ਮੰਡੀਆਂ ਵਿਚ ਤਰਪਾਲਾਂ ਦੀ ਜਰੂਰਤ ਅਨੁਸਾਰ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਮੰਡੀਆਂ ਵਿਚ ਛਾਂ ਤੇ ਪੀਣ ਦੇ ਪਾਣੀ ਦੇ ਇੰਤਜਾਮ ਲਗਾਤਾਰ ਹੁੰਦੇ ਰਹਿਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਬੀਤੀ ਸ਼ਾਮ ਤੱਕ 185907 ਮਿਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ।ਜਦ ਕਿ ਇੱਕਲੇ ਬੀਤੇ ਇਕ ਦਿਨ ਵਿਚ ਹੀ 53042 ਮਿਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ।ਜਦ ਕਿ ਬੀਤੇ ਕੱਲ ਮੰਡੀਆਂ ਵਿਚ 51842 ਮਿਟ੍ਰਿਕ ਟਨ ਦੀ ਕਣਕ ਦੀ ਆਮਦ ਹੋਈ ਸੀ। ਹੁਣ ਤੱਕ ਮੰਡੀਆਂ ਵਿਚ ਕੁੱਲ ਆਮਦ 206472 ਮਿਟ੍ਰਿਕ ਟਨ ਦੀ ਹੋਈ ਹੈ। ਇਸੇ ਤਰਾਂ ਜਿ਼ਲ੍ਹੇ ਵਿਚ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੀ 204 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਜਦ ਕਿ ਹੁਣ ਤੱਕ ਅਦਾਇਗੀ 231.4 ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਖਰੀਦ ਕੇਂਦਰ ਦੁਤਾਰਾਂ ਵਾਲੀ ਵਿਖ਼ੇ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਦੀਆਂ ਹਦਾਇਤਾਂ ਜਾਰੀ ਕੀਤੀਆਂ |
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਐਸਡੀਐਮ ਸ੍ਰੀ ਪੰਕਜ ਬਾਂਸਲ, ਡੀਐਫਐਸਸੀ ਸ੍ਰੀ ਹਿਮਾਂਸੂ ਕੁੱਕੜ ਅਤੇ ਵੱਖ ਵੱਖ ਖਰੀਦ ਏਂਜਸੀਆਂ ਦੇ ਅਧਿਕਾਰੀ ਵੀ ਹਾਜਰ ਸਨ।

Leave a Reply

Your email address will not be published. Required fields are marked *