ਮੈਥਾਨੋਲ ਦੀ ਗੈਰਕਾਨੂੰਨੀ ਵਰਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਮੁਸਤੈਦ: ਡਿਪਟੀ ਕਮਿਸ਼ਨਰ ਸਾਗਰ ਸੇਤੀਆ

ਮੋਗਾ, 15 ਜੂਨ: 

ਸੂਬੇ ਵਿੱਚ ਨਾਜਾਇਜ਼ ਅਤੇ ਅਣ-ਅਧਿਕਾਰਤ ਤੌਰ ਤੇ ਤਿਆਰ ਕੀਤੀ ਸ਼ਰਾਬ ਦੀ ਵਰਤੋਂ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਦੇ ਮੱਦੇਨਜ਼ਰ ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿਤ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਐੱਸ.ਡੀ.ਐਮਜ਼ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖੋ-ਵੱਖ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਬਿਨਾਂ ਲਾਇਸੈਂਸ ਮੈਥਾਨੋਲ ਸਟਾਕ ਕਰਨ ਤੇ ਵੇਚਣ ਵਾਲਿਆਂ ਜਾਂ ਨਕਲੀ ਸ਼ਰਾਬ ਬਣਾਉਣ, ਸਟਾਕ ਕਰਨ ਜਾਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਮੈਥਾਨੋਲ ਦੀ ਵਰਤੋਂ ਕਰਨ ਵਾਲਿਆਂ ਦੀ ਇਕ ਸੂਚੀ ਵੀ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। 

ਡਿਪਟੀ ਕਮਿਸ਼ਨਰ ਨੇ ਹਦਾਇਤ ਦਿੱਤੀ ਹੈ ਕਿ ਪੰਜਾਬ ਪੋਆਏਜ਼ਨ ਪੋਜ਼ੈਸ਼ਨ ਐਂਡ ਸੇਲ ਰੂਲਜ਼ 2014 ਤਹਿਤ ਮੈਥਾਨੋਲ ਸਟਾਕ ਕਰਨ ਤੇ ਵੇਚਣ ਵਾਲੇ ਲਾਇਸੈਂਸ ਧਾਰਕਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਨਾਲ ਹੀ ਇਹ ਸੂਚੀ ਵੀ ਤਿਆਰ ਕੀਤੀ ਜਾਵੇ ਕਿ ਜ਼ਿਲ੍ਹੇ ਦੇ ਲਾਇਸੈਂਸ ਧਾਰਕਾਂ ਨੂੰ ਪੰਜਾਬ ਪੋਆਏਜ਼ਨ ਪੋਜ਼ੈਸ਼ਨ ਐਂਡ ਸੇਲ ਰੂਲਜ਼ 2014 ਤਹਿਤ ਕਿਹੜੀਆਂ-ਕਿਹੜੀਆਂ ਆਈਟਮਾਂ ਸਟਾਕ ਕਰਨ ਤੇ ਵੇਚਣ ਦੀ ਆਗਿਆ ਦਿੱਤੀ ਗਈ ਹੈ। 

ਇਸ ਮੌਕੇ ਉਹਨਾਂ ਨੇ ਜ਼ਿਲ੍ਹੇ ਦੇ ਸਾਰੇ ਲਾਇਸੈਂਸ ਧਾਰਕਾਂ ਨੂੰ ਹਰ ਮਹੀਨੇ ਮੈਥਾਨੋਲ, ਖਰੀਦਣ, ਮੌਜੂਦ ਸਟਾਕ ਤੇ ਵੇਚਣ ਸਬੰਧੀ ਸਾਰਾ ਰਿਕਾਰਡ ਸਬੰਧਤ ਐੱਸ.ਡੀ.ਐਮ. ਨੂੰ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਿਰੇ ਨਹੀਂ ਚੜ੍ਹ ਸਕਦੀ। ਇਸ ਲਈ ਲੋਕ ਖੁਦ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਨਕਲੀ ਸ਼ਰਾਬ ਜਾਂ ਡਿਲਿਊਟਡ ਮੈਥਾਨੋਲ ਦੀ ਸ਼ਰਾਬ ਵਜੋਂ ਵਰਤੋਂ ਨਾ ਕੀਤੀ ਜਾਵੇ। ਉਹਨਾਂ ਨੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਲੋਕਾਂ ਨੂੰ ਇਸ ਬਾਬਤ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਸ਼ਰਾਬ ਦੀ ਵਰਤੋਂ ਨਾ ਹੋਣ ਦੇਣ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ, ਜਿਸ ਤਹਿਤ ਅਜਿਹੀ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਚ ਸ਼ਾਮਿਲ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

Leave a Reply

Your email address will not be published. Required fields are marked *