ਗੁਰਦਾਸਪੁਰ, 27 ਅਪ੍ਰੈਲ ( ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਯਤਨਾ ਸਦਕਾ ਗੁਰਦਾਸਪੁਰ ਨੂੰ ਇੱਕ ਹੋਰ ਵੱਡਾ ਤੋਹਫ਼ਾ ਮਿਲਿਆ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਸੀ.ਐੱਮ. ਸਟੇਟ ਸੈਂਟਰ ਫਾਰ ਕੰਪੀਟੀਟਿਵ ਇਗਜ਼ੈਮੀਨੇਸ਼ਨ ਮਨਜ਼ੂਰ ਕੀਤਾ ਗਿਆ ਹੈ ਜੋ ਕਿ ਜਲਦੀ ਹੀ ਸ਼ੁਰੂ ਹੋ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਵਸਨੀਕਾਂ, ਖਾਸ ਕਰਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਅੱਗੇ ਵੱਧਣ ਦੇ ਵੱਧ ਤੋਂ ਵੱਧ ਮੌਕੇ ਮਿਲਣ, ਇਸ ਲਈ ਉਹ ਹਮੇਸ਼ਾਂ ਕਾਰਜਸ਼ੀਲ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਨੌਜਵਾਨਾਂ ਜਦੋਂ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਲੈਂਦੇ ਹਨ ਤਾਂ ਆਈ.ਏ.ਐੱਸ./ਆਈ.ਪੀ.ਐੱਸ./ਪੀ.ਸੀ.ਐੱਸ. ਵਰਗੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਯੋਗ ਕੋਚਿੰਗ ਦਾ ਪ੍ਰਬੰਧ ਨਾ ਹੋਣ ਕਾਰਨ ਅਕਸਰ ਹੀ ਸਾਡੇ ਨੌਜਵਾਨ ਇਨ੍ਹਾਂ ਇਮਤਿਹਾਨਾਂ ਵਿੱਚ ਪੱਛੜ ਜਾਂਦੇ ਸਨ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਵਿੱਚ ਬਹੁਤ ਕਾਬਲੀਅਤ ਹੈ ਬੱਸ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਤੇ ਸਹਾਇਤਾ ਦੀ ਲੋੜ ਹੈ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਨੌਜਵਾਨਾਂ ਦੀ ਇਸ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਕੋਲ ਪਹੁੰਚ ਕਰਕੇ ਗੁਰਦਾਸਪੁਰ ਲਈ ਇੱਕ ਸੀ.ਐੱਮ. ਸਟੇਟ ਸੈਂਟਰ ਫਾਰ ਕੰਪੀਟੀਟਿਵ ਇਗਜ਼ੈਮੀਨੇਸ਼ਨ ਦੀ ਮੰਗ ਕੀਤੀ ਸੀ। ਸ੍ਰੀ ਬਹਿਲ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਮੰਗ `ਤੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸੀ.ਐੱਮ. ਸਟੇਟ ਸੈਂਟਰ ਫਾਰ ਕੰਪੀਟੀਟਿਵ ਇਗਜ਼ੈਮੀਨੇਸ਼ਨ ਮਨਜ਼ੂਰ ਕਰ ਦਿੱਤਾ ਹੈ ਅਤੇ ਬਹੁਤ ਜਲਦੀ ਇਸ ਸੈਂਟਰ ਵਿੱਚ ਕੋਚਿੰਗ ਕਲਾਸਾਂ ਸ਼ੁਰੂ ਹੋ ਜਾਣਗੀਆਂ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਇਸ ਸੀ.ਐੱਮ. ਸਟੇਟ ਸੈਂਟਰ ਫਾਰ ਕੰਪੀਟੀਟਿਵ ਇਗਜ਼ੈਮੀਨੇਸ਼ਨ ਵਿੱਚ ਰਾਜ ਸਰਕਾਰ ਵੱਲੋਂ ਕੋਚਿੰਗ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਹੋਸਟਲ ਦੀ ਸੁਵਿਧਾ ਦੇ ਨਾਲ ਪਾਕਿਟ ਮਨੀਂ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ 500 ਦੇ ਕਰੀਬ ਸੀਟਾਂ ਹੋਣਗੀਆਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਕੋਚਿੰਗ ਸੈਂਟਰ ਲਈ ਦਾਖ਼ਲਾ ਪ੍ਰੀਖਿਆ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ ਦਾਖਲਾ ਕੇਵਲ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਮਿਲੇਗਾ ਜਿਨ੍ਹਾਂ ਨੇ ਆਪਣੀ ਪੜ੍ਹਾਈ ਸਰਕਾਰੀ ਸਕੂਲ ਜਾਂ ਸਰਕਾਰੀ ਕਾਲਜ ਤੋਂ ਕੀਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਹੋਰ ਕਾਲਜਾਂ ਦੇ ਮਾਹਿਰ ਅਧਿਆਪਕਾਂ ਵੱਲੋਂ ਇਸ ਕੋਚਿੰਗ ਸੈਂਟਰ ਵਿੱਚ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਵੇਗੀ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨਾਂ ਨੂੰ ਆਈ.ਏ.ਐੱਸ./ਆਈ.ਪੀ.ਐੱਸ./ਪੀ.ਸੀ.ਐੱਸ. ਵਰਗੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਕੋਟਾ ਅਤੇ ਹੋਰ ਦੂਰ ਦੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ, ਕਿਉਂਕਿ ਇਹ ਕੋਚਿੰਗ ਹੁਣ ਉਨ੍ਹਾਂ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸ਼ੁਰੂ ਹੋਣ ਜਾ ਰਹੇ ਸੀ.ਐੱਮ. ਸਟੇਟ ਸੈਂਟਰ ਫਾਰ ਕੰਪੀਟੀਟਿਵ ਇਗਜ਼ੈਮੀਨੇਸ਼ਨ ਵਿਖੇ ਹੀ ਮਿਲੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੋਚਿੰਗ ਸੈਂਟਰ ਵਿੱਚ ਦਾਖਲਾ ਲੈ ਕੇ ਕੋਚਿੰਗ ਹਾਸਲ ਕਰਦੇ ਹੋਏ ਉੱਚ ਅਹੁਦਿਆਂ ਦੀਆਂ ਨੌਂਕਰੀਆਂ ਪ੍ਰਾਪਤ ਕਰਕੇ ਆਪਣੇ ਸੁਪਨਿਆਂ ਨੂੰ ਹਕੀਕੀ ਰੂਪ ਦੇਣ। ਨੌਜਵਾਨਾਂ ਦੀ ਇਹ ਬੇਹੱਦ ਅਹਿਮ ਮੰਗ ਪੂਰੀ ਹੋਣ `ਤੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ।