ਸਿਹਤ ਵਿਭਾਗ ਫਰੀਦਕੋਟ ਵੱਲੋਂ ਗਰਮੀ ਦੀ ਲਹਿਰ ਤੋਂ ਬਚਾਅ ਲਈ ਜਾਗਰੂਕਤਾ ਪੋਸਟਰ ਕੀਤਾ ਜਾਰੀ

ਫਰੀਦਕੋਟ 22 ਮਈ 2024

ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਮਨਿੰਦਰ ਪਾਲ ਸਿੰਘ ਸਿਵਲ ਸਰਜਨ ਫਰੀਦਕੋਟ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਗਰਮੀ ਦੀ ਲਹਿਰ ਤੋਂ ਬਚਾਅ ਸਬੰਧੀ ਪਿੰਡਾਂ ਸ਼ਹਿਰਾਂ ਵਿੱਚ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਸਿਵਲ ਸਰਜਨ ਦਫਤਰ ਫਰੀਦਕੋਟ ਵਿਖੇ ਡਾ. ਮਨਿੰਦਰ ਪਾਲ ਸਿੰਘ ਵੱਲੋਂ ਗਰਮੀ ਦੀ ਲਹਿਰ ਤੋਂ ਬਚਾਅ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਡਾ. ਮਨਿੰਦਰ ਪਾਲ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੇਕਰ ਕਿਸੇ ਮੈਦਾਨੀ ਖੇਤਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਤੱਕ ਪਹੁੰਚ ਜਾਂਦਾ ਹੈ, ਤਾਂ ਇਸ ਸਥਿਤੀ ਨੂੰ ਗਰਮੀ ਦੀ ਲਹਿਰ ਕਿਹਾ ਜਾਂਦਾ ਹੈ। ਉਹਨਾਂ ਦੱਸਿਆ ਕਿ ਗਰਮ ਹਵਾਵਾਂ ਸਾਡੀ ਪਿਆਸ ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਖਾਸ ਕਰਕੇ ਅੱਖਾਂ ਅਤੇ ਚਮੜੀ ਨੂੰ ਪੂਰੀ ਤਰ੍ਹਾਂ ਝੁਲਸਾ ਦਿੰਦੀਆਂ ਹਨ। ਜਿਆਦਾ ਗਰਮੀ ਹੋਣ ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿੱਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਨਿਯੰਤਰਣ ਰੱਖਦਾ ਹੈ ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਬਾਹਰ ਦੇ ਤਾਪਮਾਨ ਸਮਾਨ ਹੋ ਜਾਂਦਾ ਹੈ, ਜਿਸ ਨੂੰ ਲੂ ਲਗਣਾ ਜਾ ਹੀਟ ਸਟ੍ਰੋਕ ਕਹਿੰਦੇ ਹਨ। ਆਮ ਤੌਰ ਤੇ ਲੋਕ ਇਸ ਨੂੰ ਹਲਕੇ ਵਿੱਚ ਲੈਦੇ ਹਨ , ਜਿਸ ਕਰਕੇ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਮਈ ਅਤੇ ਜੂਨ ਦੇ ਮਹੀਨਿਆਂ ਦੌਰਾਨ ਗਰਮੀ ਦੀਆਂ ਲਹਿਰਾਂ ਚੱਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰਕੇ ਉਹਨਾਂ ਲੋਕਾਂ, ਜਿਹੜੇ ਜੋਖਮ ਸ਼੍ਰੇਣੀ ਵਿੱਚ ਆਉਂਦੇ ਹਨ, ਨੂੰ ਚੌਕਸ ਰਹਿਣ ਦੀ ਲੋੜ ਹੈ।

ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਟੀ.ਵੀ., ਰੇਡੀਓ, ਅਖਬਾਰਾਂ ਆਦਿ ਰਾਹੀਂ ਸਥਾਨਕ ਮੌਸਮ ਦੀਆਂ ਖਬਰਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਦੀ ਵੈੱਬਸਾਈਟ  http://mausam.imd.gov.in/ ਤੋਂ ਮੌਸਮ ਦੀ ਤਾਜ਼ਾ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਗਰਮੀ ਦੀ ਲਹਿਰ ਦੀ ਲਪੇਟ ਵਿੱਚ ਆਉਣ ਵਾਲੇ ਮਰੀਜਾਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

 ਇਸ ਮੌਕੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਹੀਟ ਸਟ੍ਰੋਕ ਲਈ ਨਵਜੰਮੇ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜੁਰਗ, ਮਜ਼ਦੂਰ, ਮੋਟਾਪੇ ਤੋਂ ਪੀੜਤ ਵਿਅਕਤੀ ਵਧੇਰੇ ਜ਼ੋਖਮ ਤੇ ਹੁੰਦੇ ਹਨ। ਉਹਨਾਂ ਦੱਸਿਆ ਕਿ ਘਰ ਤੋਂ ਬਾਹਰ ਦੇ ਕੰਮ ਦਿਨ ਦੇ ਠੰਡੇ ਸਮੇਂ ਜਿਵੇਂ ਕਿ ਸਵੇਰ ਅਤੇ ਸ਼ਾਮ ਵਿੱਚ ਕੀਤੇ ਜਾਣੇ ਚਾਹੀਦੇ ਹਨ। ਪਿਆਸ ਨਾ ਲੱਗਣ ‘ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਓ। ਮਿਰਗੀ ਜਾਂ ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਲੋਕ ਜੋ ਤਰਲ-ਪ੍ਰਤੀਬੰਧਿਤ ਖੁਰਾਕ ‘ਤੇ ਹਨ, ਉਨ੍ਹਾਂ ਨੂੰ ਪਾਣੀ ਦੀ ਮਾਤਰਾ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਪੂਰੀ ਬਾਹਾਂ ਵਾਲੇ ਕੱਪੜੇ ਪਾਓ। ਕੋਸ਼ਿਸ਼ ਕਰੋ ਕਿ ਗਰਮੀਆਂ ਵਿੱਚ ਸਿਰਫ਼ ਸੂਤੀ ਕੱਪੜੇ ਹੀ ਪਹਿਨੇ ਜਾਣ। ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰੋ। ਨੰਗੇ ਪੈਰੀਂ ਬਾਹਰ ਨਾ ਨਿਕਲੋ, ਧੁੱਪ ਵਿਚ ਬਾਹਰ ਜਾਣ ਵੇਲੇ ਹਮੇਸ਼ਾ ਜੁੱਤੀ ਜਾਂ ਚੱਪਲਾਂ ਪਾਓ। ਧੁੱਪ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦਾ ਤਾਪਮਾਨ ਸਹੀ ਬਰਕਰਾਰ ਰੱਖਣ ਲਈ ਛਾਂ ਵਿਚ ਆਰਾਮ ਕਰਨਾ ਚਾਹੀਦਾ ਹੈ ਜਾਂ ਸਿਰ ‘ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ। ਧੁੱਪ ਵਿਚ ਨਿਕਲਦੇ ਸਮੇਂ ਹਮੇਸ਼ਾ ਪਾਣੀ ਨਾਲ ਰੱਖੋ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਸੰਤਰਾ, ਅੰਗੂਰ, ਖੀਰੇ ਅਤੇ ਟਮਾਟਰ ਖਾਓ ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਵੀ ਕਾਲਜਾਂ, ਸਕੂਲਾਂ ਅਤੇ ਆਮ ਜਨਤਾ ਨੂੰ ਹੀਟ ਸਟ੍ਰੋਕ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੁਮਾਰ, ਕਾਰਜਕਾਰੀ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਾਜੌਰਾ, ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਡਾ. ਵਿਸ਼ਵਦੀਪ ਗੋਇਲ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਸਿਹਤ ਸੁਪਰਵਾਈਜਰ ਮਨਦੀਪ ਸਿੰਘ, ਸੁਰੇਸ਼ ਕੁਮਾਰ, ਲਵਕਿਰਨ ਸਿੰਘ, ਕੌਸ਼ਲ ਕੁਮਾਰ ਹਾਜਰ ਸਨ।

Leave a Reply

Your email address will not be published. Required fields are marked *