ਲੁਧਿਆਣਾ, 31 ਅਗਸਤ (000) – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਵੱਲੋਂ ਅੱਜ ਤਾਜਪੁਰ ਰੋਡ ਦੇ ਡੇਅਰੀ ਕੰਪਲੈਕਸ ਵਿਖੇ ਕਰੀਬ ਸਵਾ ਦੋ ਕਰੋੜ ਦੀ ਲਾਗਤ ਨਾਲ ਤਿਆਰ ਹੋਏ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਅਤੇ ਚੇਅਰਮੈਨ ਭਿੰਡਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਟੀਚਾ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਮੁਢਲੀਆਂ ਸਹੂਲਤਾਂ ਦੇ ਨਾਲ-ਨਾਲ ਸੂਬੇ ਦਾ ਸਰਬਪੱਖੀ ਵਿਕਾਸ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਅੱਜ ਹਲਕਾ ਪੂਰਬੀ ਦੇ ਡੇਅਰੀ ਕੰਪਲੈਕਸ ਤਾਜਪੁਰ ਰੋਡ ਵਿਖੇ ਨਵੇਂ ਬਣੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਦਾ ਹਲਕਾ ਵਾਸੀਆਂ ਨੂੰ ਵੱਡਾ ਲਾਹਾ ਮਿਲੇਗਾ।

ਉਨ੍ਹਾਂ ਕਿਹਾ ਕਿ ਕਮਿਊਨਿਟੀ ਸੈਂਟਰ ਦਾ ਇਹ ਪ੍ਰੋਜੈਕਟ ਮੁਕੰਮਲ ਹੋਣ ਤੋਂ ਬਾਅਦ ਹਲਕਾ ਨਿਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਹਲਕਾ ਨਿਵਾਸੀ ਵਿਆਹ-ਸ਼ਾਦੀਆਂ ਅਤੇ ਆਪਣੇ ਘਰੇਲੂ ਸਮਾਗਮ ਤੋਂ ਇਲਾਵਾ ਬੈਠਕਾਂ ਵੀ ਕਰ ਸਕਦੇ ਹਨ। ਵਾਹਨਾਂ ਦੀ ਪਾਰਕਿੰਗ ਲਈ ਵੀ ਵਿਸ਼ੇਸ਼ ਸੁਵਿਧਾ ਉਪਲਬਧ ਕਰਵਾਈ ਗਈ ਹੈ।

ਗਰੇਵਾਲ ਅਤੇ ਭਿੰਡਰ ਨੇ ਸਮੂਹ ਹਲਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਪੂਰਬੀ ਅੰਦਰ ਹੋਰ ਕਈ ਨਵੇਂ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ.

ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਐਲ.ਆਈ.ਟੀ. ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮਿਊਨਿਟੀ ਸੈਂਟਰ ਦਾ ਬਣਨਾ ਆਮ ਲੋਕਾਂ ਲਈ ਇੱਕ ਅਨਮੋਲ ਤੋਹਫਾ ਹੈ, ਕਿਉਂਕਿ ਕਮਿਊਨਿਟੀ ਸੈਂਟਰ ਵਿੱਚ ਆਮ ਲੋਕਾਂ ਨੂੰ ਵਿਆਹ ਸ਼ਾਦੀ ਜਾਂ ਹੋਰ ਪ੍ਰੋਗਰਾਮ ਕਰਵਾਉਣ ਲਈ ਜਿੱਥੇ ਘੱਟ ਪੈਸੇ ਖਰਚਣੇ ਪੈਣਗੇ ਉੱਥੇ ਹੀ ਵਧੀਆ ਸਹੂਲਤ ਵੀ ਮਿਲੇਗੀ।

ਇਸ ਮੌਕੇ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ, ਨਿਧੀ ਗੁਪਤਾ, ਵਿਪਨ ਵੈਦ, ਬਿੱਟੂ ਅਰੋੜਾ, ਅਮਰ ਮਕੌੜੀ, ਸੁਰਜੀਤ ਠੇਕੇਦਾਰ, ਲਖਵਿੰਦਰ ਲੱਖਾ, ਮਹਾਵੀਰ ਕੁਮਾਰ, ਰਣਜੀਤ ਰਾਣਾ, ਕਮਲ ਮਿਗਲਾਨੀ, ਸੰਜੂ ਸ਼ਰਮਾ, ਦਰਸ਼ਨ ਚਾਵਲਾ ਅਤੇ ਵਿਧਾਇਕ ਪੀ.ਏ. ਗੁਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *