ਵਿਧਾਇਕ ਜਿੰਪਾ ਨੇ ਸਰਕਾਰੀ ਐਲੀਮੈਂਟਰੀ ਸਕੂਲ ਸੁੰਦਰ ਨਗਰ ਵਿੱਚ 92 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ, 6 ਮਈ:
ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਪੰਜਾਬ ਦੀ ਸਿੱਖਿਆ ਕਰਾਂਤੀ ਦੇ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਸੁੰਦਰ ਨਗਰ ਵਿੱਚ 92 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਪਹਿਲ ਦੇ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ, ਸਮਾਰਟ ਕਲਾਸਰੂਮ, ਸਾਫ-ਸੁਥਰੇ ਪਖਾਨੇ, ਆਧੁਨਿਕ ਲਾਇਬ੍ਰੇਰੀ ਅਤੇ ਖੇਡ ਸਹੂਲਤਾਂ ਦੇ ਵਾਧੇ ਲਈ ਨਿਵੇਸ਼ ਕੀਤਾ ਜਾ ਰਿਹਾ ਹੈ।

ਵਿਧਾਇਕ ਜਿੰਪਾ ਨੇ ਕਿਹਾ ਕਿ ਸਕੂਲ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਾਲ ਨਾਂ ਸਿਰਫ ਵਿਦਿਆਰਥੀਆਂ ਨੂੰ ਵਧੀਆ ਮਾਹੌਲ ਮਿਲੇਗਾ, ਸਗੋਂ ਮਾਪਿਆਂ ਦਾ ਭਰੋਸਾ ਵੀ ਸਰਕਾਰੀ ਸਕੂਲਾਂ ‘ਤੇ ਹੋਰ ਵਧੇਗਾ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਰਕਾਰੀ ਸਕੂਲਾਂ ਵਿੱਚ ਇਸੇ ਤਰ੍ਹਾਂ ਦੇ ਵਿਕਾਸ ਕਾਰਜ ਕੀਤੇ ਜਾਣਗੇ ਤਾਂ ਜੋ ਹਰ ਬੱਚਾ ਗੁਣਵੱਤਾਪੂਰਨ ਸਿੱਖਿਆ ਪ੍ਰਾਪਤ ਕਰ ਸਕੇ।

ਇਸ ਮੌਕੇ ਤੇ ਸਥਾਨਕ ਨਿਵਾਸੀਆਂ, ਮਾਪਿਆਂ ਅਤੇ ਸਕੂਲ ਸਟਾਫ ਨੇ ਵਿਧਾਇਕ ਜਿੰਪਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨਾਲ ਸਰਕਾਰੀ ਸਕੂਲ ਹੁਣ ਨਿੱਜੀ ਸਕੂਲਾਂ ਨੂੰ ਟੱਕਰ ਦੇ ਰਹੇ ਹਨ।

ਇਸ ਮੌਕੇ ਤੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਨੀ, ਡਿਪਟੀ ਮੇਅਰ ਰਣਜੀਤ ਚੌਧਰੀ, ਗੰਗਾ ਪ੍ਰਸਾਦ, ਕੌਂਸਲਰ ਚੰਦਰਾਵਤੀ, ਕੌਂਸਲਰ ਮੰਜੀਤ ਕੌਰ, ਸੰਦੀਪ ਚੇਚੀ, ਕੁਸ਼ ਸ਼ਰਧਾ, ਮੋਹਨ ਲਾਲ, ਮਾਸਟਰ ਰਮਣ ਕੁਮਾਰ, ਕੌਂਸਲਰ ਨਰਿੰਦਰ ਕੌਰ, ਕੌਂਸਲਰ ਰਣਜੀਤ ਕੌਰ, ਪ੍ਰੋਜੈਕਟ ਕੋਆਰਡੀਨੇਟਰ ਚੰਦਰ ਪ੍ਰਕਾਸ਼ ਸਿੰਘ ਦੇ ਨਾਲ ਨਾਲ ਸਕੂਲ ਦੇ ਅਧਿਆਪਕ, ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *