ਕੀਰਤਪੁਰ ਸਾਹਿਬ 11 ਜੂਨ ()
ਡਾ. ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਸਵਪਨਦੀਪ ਕੌਰ ਸਿਵਲ ਸਰਜਨ ਰੂਪਨਗਰ ਅਤੇ ਡਾ. ਜੰਗਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਦੀ ਅਗਵਾਈ ਹੇਠ ਕੀਰਤਪੁਰ ਸਾਹਿਬ ਦੇ ਅਧੀਨ ਵੱਖ-ਵੱਖ ਪਿੰਡਾਂ ਦੇ ਟੋਭਿਆਂ ਵਿੱਚ ਡੇਂਗੂ ਦੇ ਲਾਰਵੇ ਨੂੰ ਖਤਮ ਕਰਨ ਦੇ ਮੰਤਵ ਨਾਲ਼ ਗੰਬੂਜ਼ੀਆ ਕਿਸਮ ਦੀਆਂ ਮੱਛੀਆਂ ਪਾਈਆਂ ਗਈਆਂ।
ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਕੀਰਤਪੁਰ ਸਾਹਿਬ ਦੁਆਰਾ ਇਸ ਦੇ ਅਧੀਨ ਲਗਭਗ 143 ਪਿੰਡਾਂ ਅਤੇ ਸ਼ਹਿਰੀ ਖੇਤਰ ਵਿੱਚ ਡੇਂਗੂ ਅਤੇ ਚਿਕਨਗੁਨੀਆ ਬੁਖਾਰ ਨੂੰ ਰੋਕਣ ਲਈ ਜਿੱਥੇ ਸਿਹਤ ਕਰਮਚਾਰੀਆਂ ਵਲ੍ਹੋਂ ਘਰ-ਘਰ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਵੱਖ-ਵੱਖ ਪਿੰਡਾਂ ਵਿੱਚ ਪਾਣੀ ਦੇ ਟੋਭਿਆਂ ਵਿੱਚ ਗੰਬੂਜ਼ੀਆ ਮੱਛੀਆਂ ਛੱਡੀਆਂ ਗਈਆਂ ਤਾਂ ਜੋ ਡੇਂਗੂ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ ਅਤੇ ਲਾਰਵੇ ਤੋਂ ਮੱਛਰ ਬਣਨ ਤੱਕ ਦੇ ਲਾਈਫ ਸਾਈਕਲ ਨੂੰ ਤੋੜਿਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲ਼ੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਮਲੇਰੀਆ, ਡੇਂਗੂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਤੋਂ ਬਚਾਅ ਲਈ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਨੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਪੂਰਾ ਸਰੀਰ ਢਕਿਆ ਹੋਵੇ ਤਾਂ ਜੋ ਮੱਛਰ ਨਾ ਕੱਟ ਸਕੇ। ਜੇਕਰ ਕਿਸੇ ਨੂੰ ਡੇਂਗੂ ਦੀਆਂ ਅਲਾਮਤਾਂ ਨਜ਼ਰ ਆਉਂਦੀਆਂ ਹਨ ਤਾਂ ਉਸ ਦੀ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਜਾ ਕੇ ਜਾਂਚ ਕਰਵਾਈ ਜਾਵੇ। ਇਸ ਮੌਕੇ ਨਰੇਸ਼ ਕੁਮਾਰ, ਬਲਜੀਤ ਸਿੰਘ, ਸੁੱਚਾ ਸਿੰਘ, ਬਲਜੀਤ ਸਿੰਘ, ਅਮਿਤ ਕੁਮਾਰ ਸ਼ਰਮਾ ਹਾਜ਼ਰ ਸਨ।