ਨਰਮੇ ਦੇ ਟੀਂਡਿਆਂ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਏਕੀਕ੍ਰਿਤ ਕੀਟ ਪ੍ਰਬੰਧ ਪ੍ਰਣਾਲੀ ਅਪਨਾਉਣ ਦੀ ਜ਼ਰੂਰਤ:ਮੁੱਖ ਖੇਤੀਬਾੜੀ ਅਫ਼ਸਰ

ਫਰੀਦਕੋਟ : 16 ਫਰਵਰੀ 2024

 ਨਰਮੇ ਉੱਪਰ ਗੁਲਾਬੀ ਸੁੰਡੀ ਦੀ ਸ਼ੁਰੂਆਤ ਮਿਲਾਂ,ਕਪਾਹ ਦੀਆਂ ਛਿਟੀਆਂ ਵਿੱਚ ਬਚੀ ਰਹਿੰਦ-ਖੂਹੰਦ ਜਿਵੇਂ ਕਿ ਪੁਰਾਣੇ ਟਿੰਡਿਆ ਵਿੱਚ ਪਏ ਗੁਲਾਬੀ ਸੁੰਡੀ ਦੇ ਕੋਆ (ਟੁੱਟੀਆਂ) ਵਿੱਚੋਂ ਪਤੰਗਾ ਨਿਕਲਣ ਨਾਲ ਹੁੰਦੀ ਹੈ। ਇਸ ਲਈ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਛਿੱਟੀਆਂ ਨਾਲ ਬਚੇ ਅਣਖਿੜੇ ਟੀਂਡਿਆਂ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ l ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਿਲ੍ਹਾ ਫਰੀਦਕੋਟ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ  ਤਹਿਤ  ਕੀਤੇ ਜਾ ਰਹੇ ਅਗਾਂਹੁ ਪ੍ਰਬੰਧਾਂ ਦਾ ਪਿੰਡ ਬੀਹਲੇਵਾਲ ਵਿੱਚ ਕਿਸਾਨ ਜਗਸੀਰ ਸਿੰਘ ਦੇ ਗ੍ਰਹਿ ਵਿਖ਼ੇ ਜਾਇਜ਼ਾ ਲੈਂਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਤਕਰੀਬਨ 800 ਹੈਕਟਰ ਰਕਬੇ ਵਿੱਚ ਨਰਮੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਹ ਫਸਲ ਖੇਤੀਬਾੜੀ ਵਿਭਿਨਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ l

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ  ਮੌਸਮ ਦੇ ਅਨੁਕੂਲ ਨਾਂ ਰਹਿਣ ਅਤੇ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਦਾ ਨੁਕਸਾਨ ਹੋਇਆ ਸੀ l ਉਨ੍ਹਾਂ ਦੱਸਿਆ ਕਿ ਨਰਮੇ ਦੀ ਚੁਗਾਈ ਕਰਨ ਉਪਰੰਤ ਇਹ ਸੁੰਡੀ ਛਿਟੀਆਂ ਨਾਲ ਬਚੇ ਅਣਖਿੜ੍ਹੇ ਟੀਂਡਿਆਂ ਵਿੱਚ ਕੋਆ ਦੇ ਰੂਪ ਵਿੱਚ ਨਿਵਾਸ ਕਰਦੀ ਹੈl ਉਨ੍ਹਾਂ ਦੱਸਿਆ ਕਿ ਅਪ੍ਰੈਲ ਮਈ ਦੇ ਮਹੀਨੇ ਤਾਪਮਾਨ ਵਧਣ ਤੇ ਗੁਲਾਬੀ ਸੁੰਡੀ ਦੇ ਪਤੰਗੇ ਚਿੱਟੇ ਰੰਗ ਦੇ ਆਂਡੇ ਫੁੱਲ ਜਾਂ ਚੁੰਡੀ ਤੇ ਦਿੰਦੇ ਹਨ ਜੋ, ਬਾਅਦ ਵਿੱਚ ਸੰਤਰੀ ਰੰਗ ਦੇ ਹੋ ਜਾਂਦੇ ਹਨ ਇਹਨਾਂ ਆਂਡਿਆਂ ਵਿੱਚੋਂ 4-5 ਦਿਨਾਂ ਬਾਅਦ ਸੁੰਡੀ ਨਿਕਲ ਆਉਂਦੀ ਹੈ ਜੋ ਨਰਮੇ ਦੀ ਫਸਲ ਦਾ ਨੁਕਸਾਨ ਕਰਦੀ ਹੈ l

ਉਨ੍ਹਾਂ ਕਿਹ ਕਿ ਨਰਮੇ ਦੀ ਸਫ਼ਲ ਕਾਸ਼ਤ ਲਈ ਟੀਂਡੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਏਕੀਕ੍ਰਿਤ ਕੀਟ ਪ੍ਰਬੰਧ ਪ੍ਰਣਾਲੀ ਅਪਨਾਉਣੀ ਚਾਹੀਦੀ ਹੈ l  ਇਸ ਤਕਨੀਕ ਤਹਿਤ ਮਾਰਚ ਮਹੀਨੇ ਦੌਰਾਨ ਪਿੰਡਾਂ ਵਿੱਚ ਪਈਆਂ ਨਰਮੇ ਦੀਆਂ ਛਿਟੀਆਂ ਨੂੰ ਨਸ਼ਟ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਗੁਲਾਬੀ ਸੁੰਡੀ ਦੀ ਪਹਿਲੀ ਅਵਸਥਾ ਹੀ ਰੋਕਥਾਮ ਕੀਤੀ ਜਾ ਸਕੇ l

 ਖੇਤੀ ਵਿਸਥਾਰ ਅਫ਼ਸਰ ਸ੍ਰ ਗੁਰਬਚਨ ਸਿੰਘ ਨੇ ਨਰਮਾ ਕਾਸ਼ਤਕਾਰਾਂ ਅਤੇ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਜਾਂ ਰਾਹਾਂ ਵਿੱਚ ਸੰਭਾਲ ਕੇ ਰੱਖੀਆਂ ਛਿੱਟੀਆਂ ਨੂੰ ਨਰਮੇ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਬਾਲਣ ਵਜੋਂ ਵਰਤ ਲੈਣ ਜਾਂ ਅੱਗ ਲਗਾ ਕੇ ਸਾੜ੍ਹ ਦੇਣਾ ਚਾਹੀਦਾ l ਕਿਸਾਨ ਜਗਸੀਰ ਸਿੰਘ ਕਿਹਾ ਕਿ ਇਸ ਕੰਮ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਸਹਿਯੋਗ ਕਰਦਿਆਂ ਸਮੁਚੇ ਪਿੰਡ ਵਿੱਚ ਪਈਆਂ ਛਿੱਟੀਆਂ ਨੂੰ  ਨਸ਼ਟ ਕਰਕੇ ਪੂਰਨ ਸਹਿਯੋਗ ਕੀਤਾ ਜਾਵੇਗਾ, ਤਾਂ ਜੋ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਸੁਰੱਖਿਅਤ ਰੱਖਿਆ ਜਾ ਸਕੇ l

ਇਸ ਮੌਕੇ ਸ੍ਰੀ ਦੇਵਿੰਦਰਪਾਲ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਹਰਮੇਸ਼ ਸਿੰਘ ਜੂਨੀਅਰ ਟੈਕਨੀਸ਼ਨ ਅਤੇ ਕਿਸਾਨ ਜਗਸੀਰ ਸਿੰਘ ਹਾਜ਼ਰ ਸਨ l

Leave a Reply

Your email address will not be published. Required fields are marked *