ਕਣਕ ਅਤੇ ਝੋਨੇ ਦੇ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਮਿਲਾ ਕੇ ਮਲਚਿੰਗ ਵਿਧੀ ਦੁਆਰਾ ਖੇਤੀ ਕਰ ਰਿਹਾ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਧਾਲੀਵਾਲ

ਗੁਰਦਾਸਪੁਰ, 2 ਅਗਸਤ (            ) – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਿਧੀਪੁਰ ਦਾ ਨੌਜਵਾਨ ਕਿਸਾਨ ਕਰਮਜੀਤ ਸਿੰਘ ਧਾਲੀਵਾਲ ਪਿਛਲੇ 10 ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਤੋਂ ਪ੍ਰੇਰਨਾ ਅਤੇ ਸਹਿਯੋਗ ਨਾਲ ਕਣਕ ਅਤੇ ਝੋਨੇ ਦੇ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਮਿਲਾ ਕੇ ਹੈਪੀ ਸੀਡਰ ਅਤੇ ਮਲਚਿੰਗ ਵਿਧੀ ਦੁਆਰਾ ਖੇਤੀ ਕਰ ਰਿਹਾ ਹੈ ਜਿਸ ਨਾਲ ਉਸ ਦੀ ਜ਼ਮੀਨ ਦੀ ਸਿਹਤ ਵਿੱਚ ਚੋਖਾ ਵਾਧਾ ਹੋਣ ਦੇ ਨਾਲ ਨਾਲ ਕਣਕ ਅਤੇ ਝੋਨੇ ਦੀ ਫ਼ਸਲ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਇਆ ਹੈ ।

ਕਰਮਜੀਤ ਸਿੰਘ ਨੇ ਦੱਸਿਆ ਝੋਨੇ ਦੀ ਪਰਾਲੀ ਕਿਸਾਨਾਂ ਲਈ ਇਕ ਕੁਦਰਤੀ ਵੱਲੋਂ ਬਖ਼ਸ਼ੇ ਅਨਮੋਲ ਤੋਹਫ਼ੇ ਵਜੋਂ ਹੈ ਜਿਸ ਨੂੰ ਖੇਤਾਂ ਵਿਚ ਸੰਭਾਲ ਕਿ ਮਿੱਟੀ ਦੀ ਸਿਹਤ ਸੁਧਾਰੀ ਜਾ ਸਕਦੀ ਹੈ ਕਿਉਂਕਿ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ ਖੂੰਹਦ ਖੇਤਾਂ ਵਿਚ ਸੰਭਾਲ ਕਿ ਫ਼ਸਲਾਂ ਦੀ ਕਾਸ਼ਤ ਕਰਨ ਨਾਲ ਮਿੱਟੀ ਵਿਚ ਜੈਵਿਕ ਮਾਦਾ ਦੀ ਮਾਤਰਾ ਵਧਦੀ ਹੈ । ਉਨ੍ਹਾਂ ਦੱਸਿਆ ਕਿ  ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ  ਪਿਛਲੇ 10 ਸਾਲ ਤੋਂ ਹੈਪੀ ਸੀਡਰ ਦੀ ਮਦਦ ਨਾਲ  ਕਣਕ ਦੀ ਬਿਜਾਈ ਕਰ ਰਿਹਾ ਹੈ ਜਿਸ ਨਾਲ ਕਾਫ਼ੀ ਫ਼ਾਇਦਾ ਹੋਇਆ ਹੈ।

ਕਰਮਜੀਤ ਸਿੰਘ ਦੱਸਦਾ ਹੈ ਕਿ ਮਿੱਟੀ ਵਿਚ ਜੈਵਿਕ ਮਾਦਾ ਵਧਣ ਕਾਰਨ ਰਸਾਇਣਿਕ ਖਾਦਾਂ ਤੇ ਨਿਰਭਰਤਾ ਘਟ ਗਈ ਹੈ ਅਤੇ ਹੋਣ ਕਣਕ ਦੀ ਫ਼ਸਲ ਨੂੰ 40 ਕਿੱਲੋ ਡਾਇਆ ਖਾਦ ਵਰਤ ਕੇ ਬਿਜਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਖੇਤ ਵਿਚ ਪਰਾਲੀ ਦੀ ਇਕਸਾਰ ਤਹਿ ਬਣ ਜਾਂਦੀ ਹੈ ਜਿਸ ਨਾਲ ਨਦੀਨਾਂ ਦੀ ਸਮੱਸਿਆ ਵੀ ਬਹੁਤ ਘੱਟ ਜਾਂਦੀ ਹੈ ਅਤੇ ਮਿੱਟੀ ਦੀ ਸਿਹਤ ਵਿੱਚ ਬਹੁਤ ਸੁਧਾਰ ਆਉਂਦਾ ਹੈ ਨਾਲੇ ਵਾਤਾਵਰਨ ਪ੍ਰਦੂਸ਼ਿਤ ਵੀ ਨਹੀਂ ਹੁੰਦਾ। ਇਸ ਵਿਧੀ ਦੁਆਰਾ ਖੇਤਾਂ ਵਿੱਚ ਖਾਦਾਂ  ਅਤੇ ਕੀਟ ਨਾਸ਼ਕਾਂ ਦਾ ਇਸਤੇਮਾਲ ਵੀ ਬਹੁਤ ਹੱਦ ਤੱਕ ਘੱਟ ਜਾਂਦਾ ਹੈ । ਕਰਮਜੀਤ ਸਿੰਘ ਨੇ ਦੱਸਿਆ ਪਿਛਲੇ ਦੋ ਸਾਲਾ ਤੋ ਸਰਫੇਸ ਸੀਡਰ ਦੀ ਵਰਤੋ ਕਰ ਰਿਹਾ ਹੈ ਜੋ ਕੀ ਪਰਾਲੀ ਦੀ ਸੰਭਾਲ ਲਈ ਬਹੁਤ ਸਰਲ ਵਿਧੀ ਹੈ। ਇਸ ਵਿਧੀ ਦੁਆਰਾ ਛੋਟੇ ਕਿਸਾਨਾਂ ਨੂੰ ਬਹੁਤ ਫ਼ਾਇਦਾ ਮਿਲ ਰਿਹਾ ਹੈ ਅਤੇ  ਸਰਫੇਸ ਸੀਡਰ ਪਰਾਲੀ ਪ੍ਰਬੰਧਨ ਲਈ ਵਰਦਾਨ ਮਸ਼ੀਨ ਹੈ ਜੋ ਕਿ 35,40 ਹਾਰਸ ਪਾਵਰ ਵਾਲੇ ਟਰੈਕਟਰ ਨਾਲ ਅਸਾਨੀ ਨਾਲ ਵਰਤੀ ਜਾਂਦੀ ਹੈ।

ਕਰਮਜੀਤ ਸਿੰਘ ਨੇ ਦੱਸਿਆ ਕਿ  ਪਿਛਲੇ ਸਾਲ(2024) ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ  ਦੇ ਸਹਿਯੋਗ ਨਾਲ ਕੰਬਾਈਨ ਉੱਪਰ ਲੱਗੀ ਡਰਿੱਲ ਨਾਲ  2 ਏਕੜ ਦਾ ਤਜ਼ਰਬਾ ਕੀਤਾ ਸੀ ਜੋ ਕਿ ਵਧੀਆ ਅਤੇ  ਕਾਮਯਾਬ ਰਿਹਾ। ਇਸ ਵਿਧੀ ਦੁਆਰਾ ਕੰਬਾਈਨ ਉੱਪਰ ਡਰਿੱਲ ਅਟੈਚ ਕਰਕੇ ਝੋਨੇ ਦੀ ਕਟਾਈ ਉਪਰੰਤ ਬੀਜ ਅਤੇ ਖਾਦ ਕੇਰ ਦਿੱਤਾ ਗਿਆ ਅਤੇ ਐੱਸ.ਐੱਮ.ਐੱਸ. ਦੁਆਰਾ ਪਰਾਲੀ ਖੇਤ ਵਿੱਚ ਇਕਸਾਰ ਖਿੱਲਰ ਗਈ ਬਾਅਦ ਵਿੱਚ ਹਲਕਾ ਪਾਣੀ ਦਿੱਤਾ ਗਿਆ|ਇਸ ਵਿਧੀ ਨਾਲ ਕਣਕ ਦੇ ਝਾੜ ਵਿੱਚ ਚੋਖਾ ਵਾਧਾ ਹੋਇਆ ਅਤੇ ਕਣਕ ਦੀ ਬਿਜਾਈ ਵੇਲੇ ਖਰਚਾ ਵੀ ਸਿਰਫ਼ ਨਾ ਮਾਤਰ ਹੀ ਆਇਆ।

ਕਰਮਜੀਤ ਸਿੰਘ ਮੈ ਪਿਛਲੇ ਯੰਗ ਇੰਨੋਵੇਟਿਵ ਕਿਸਾਨ ਸਮੂਹ ਨਾਲ ਦਾ ਸਰਗਰਮ ਮੈਂਬਰ ਹੈ ਅਤੇ ਕਿਸਾਨਾਂ ਨੂੰ ਪਰਾਲੀ ਨਾਂ ਸਾੜਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ ਜਿਸ ਸਦਕਾ ਸਾਲ 2024-25 ਦੌਰਾਨ ਪਿੰਡ ਬਿਧੀਪੁਰ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦਾ ਇੱਕ ਵੀ ਵਾਕਿਆ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਯੰਗ ਇੰਨੋਵੇਟਿਵ ਗਰੁੱਪ ਵਿਚ ਹੁੰਦੀ ਵਿਚਾਰ ਚਰਚਾ ਤੋਂ  ਖੇਤੀਬਾੜੀ ਸਬੰਧੀ ਨਵੀਂ ਜਾਣਕਾਰੀ ਮਿਲਦੀ ਰਹਿੰਦੀ ਹੈ, ਸਿੱਟੇ ਵਜੋਂ ਮੈ ਕਣਕ ਝੋਨੇ ਤੋ ਇਲਾਵਾ ਹਰ ਤਰਾਂ  ਦੀਆਂ ਦਾਲਾਂ ਅਤੇ ਸਰ੍ਹੋਂ ਦੀ ਖੇਤੀ ਵੀ ਕਰਦਾ ਹਾਂ  ਜਿਸ ਨਾਲ ਮੇਰੀਆਂ ਬਹੁਤ ਹੀ ਘਰੇਲੂ ਜ਼ਰੂਰਤਾਂ ਖੇਤਾਂ ਵਿੱਚੋਂ ਪੂਰੀਆਂ ਹੋ ਰਹੀਆਂ ਹਨ। ਕਰਮਜੀਤ ਸਿੰਘ ਕਿਸਾਨਾਂ ਨੂੰ ਅਪੀਲ ਕਰਦਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਣਾਉਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਜ਼ੀਰੋ ਪੱਧਰ ਤੇ ਲਿਆਉਣ ਲਈ ਮਿਥੇ ਟੀਚੇ ਦੀ ਪੂਰਤੀ ਲਈ ਸਹਿਯੋਗ ਕਰੀਏ।

Leave a Reply

Your email address will not be published. Required fields are marked *