ਸੁਰਜੀਤ ਪਾਤਰ ਦਾ ਵਿਛੋੜਾ ਪੰਜਾਬੀ ਭਾਈਚਾਰੇ ਲਈ ਬਹੁਤ ਵੱਡਾ ਘਾਟਾ: ਕੁਲਵੰਤ ਸਿੰਘ

ਐਸ.ਐਸ.ਨਗਰ ,11 ਮਈ ():- ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਪੰਜਾਬੀ ਕਵੀ ਅਤੇ ਉੱਘੇ ਸ਼ਾਇਰ ਪਦਮਸ਼੍ਰੀ ਸ. ਸੁਰਜੀਤ ਪਾਤਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਸੁਰਜੀਤ ਪਾਤਰ ਦਾ ਅੱਜ ਸਵੇਰੇ ਲੁਧਿਆਣਾ ‘ਚ ਉਨ੍ਹਾਂ ਦੇ ਗ੍ਰਹਿ ਵਿਖੇ ਦਿਹਾਂਤ ਹੋ ਗਿਆ ਹੈ।

ਸ. ਕੁਲਵੰਤ ਸਿੰਘ ਨੇ ਕਿਹਾ ਕਿ ਅਜਿਹੇ ਮਹਾਨ ਲੇਖਕ ਦਾ ਦੁਨੀਆਂ ਤੋਂ ਤੁਰ ਜਾਣਾ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਅਕਾਦਮਿਕ ਅਤੇ ਪੰਜਾਬੀ ਸਾਹਿਤਕ ਖੇਤਰ ਲਈ ਵੀ ਬੇਹੱਦ ਦੁਖਦਾਈ ਹੈ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ।

ਉਨ੍ਹਾਂ ਨੇ ਕਿਹਾ ਕਿ ਸ. ਸੁਰਜੀਤ ਪਾਤਰ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਨੂੰ ਵਿਸ਼ਵ ਭਰ ਵਿੱਚ ਫੈਲਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਖਣ ਦੇ ਕੰਮ ਲਈ 2012 ਵਿੱਚ ਪਦਮਸ਼੍ਰੀ ਅਤੇ ਸਾਹਿਤ ਅਕਾਦਮੀ ਐਵਾਰਡ ਵਰਗੇ ਸਨਮਾਨ ਪ੍ਰਾਪਤ ਕਰਨਾ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਸਖ਼ਸ਼ੀਅਤ ਦਾ ਵਿਛੋੜਾ ਸਮੁੱਚੇ ਪੰਜਾਬੀ ਭਾਈਚਾਰੇ ਲਈ ਬਹੁਤ ਵੱਡਾ ਘਾਟਾ ਹੈ ਅਤੇ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਪ੍ਰਤੀ ਪਾਏ ਵਡਮੁੱਲੇ ਯੋਗਦਾਨ ਲਈ ਹਮੇਸ਼ਾ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ। ਸ. ਕੁਲਵੰਤ ਸਿੰਘ ਨੇ ਕਿਹਾ ਕਿ ਪਰਮਾਤਮਾ ਉਨ੍ਹਾਂ ਦੀ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ਣ |

Leave a Reply

Your email address will not be published. Required fields are marked *