ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਵਿਖੇ ਸਵੀਪ ਵਿਸਾਖੀ ਮੇਲੇ ਦਾ ਆਯੋਜਨ

ਫ਼ਿਰੋਜ਼ਪੁਰ, 15 ਅਪ੍ਰੈਲ 2024:

         ਲੋਕ ਸਭਾ ਚੋਣਾ 2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਵਿਖੇ ਵੋਟਰ ਜਾਗਰੂਕਤਾ ਨੂੰ ਸਮਰਪਿਤ ਸਵੀਪ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਐਸ.ਡੀ.ਐਮ. ਫਿਰੋਜ਼ਪੁਰ ਡਾ. ਚਾਰੂਮਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

          ਇਸ ਮੌਕੇ ਡਾ. ਚਾਰੂਮਿਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਵਿੱਚ ਨੌਜਵਾਨਾਂ ਦੀ ਵਿਸ਼ੇਸ਼ ਭਾਗੀਦਾਰੀ ਬਹੁਤ ਜ਼ਰੂਰੀ ਹੈ ਕਿਉਂਕੀ ਵਿਦਿਆਰਥੀ ਚੰਗੇ ਨਾਗਰਿਕ ਤੇ ਸਮਾਜ ਦੇ ਨਿਰਮਾਣ ਵਿੱਚ ਮੁੱਖ ਭੁਮਿਕਾ ਨਿਭਾਉਂਦੇ ਹਨ। ਉਨ੍ਹਾਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਲੋਕਤੰਤਰ ਦੀ ਸਫ਼ਲਤਾ ਵਿੱਚ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਉਨ੍ਹਾਂ ਵੱਲੋਂ ਹਾਜ਼ਰੀਨ ਨੂੰ ਬਿਨਾ ਕਿਸੇ ਲਾਲਚ, ਡਰ, ਪੱਖਪਾਤ ਤੋਂ ਵੋਟ ਪਾਉਣ ਲਈ ਸਹੁੰ ਵੀ ਚੁਕਾਈ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਇਸ ਵਾਰ 80 ਫੀਸਦੀ ਤੋਂ ਵੱਧ ਵੋਟ ਪਵਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਹਰੇਕ ਵਰਗ ਆਪਣਾ ਫ਼ਰਜ ਸਮਝਦੇ ਹੋਏ ਆਪਣੀ ਵੋਟ ਦੇ ਸੰਵਿਧਾਨਿਕ ਅਧਿਕਾਰ ਦੀ ਵਰਤੋਂ ਕਰੇ।

          ਇਸ ਮੌਕੇ ਵਿਦਿਆਰਥਣਾਂ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਵੋਟਰ ਜਾਗਰੂਕਤਾ ਵਿਸ਼ੇ ਨੂੰ ਸਮਰਪਿਤ ਸੁੰਦਰ ਰੰਗੋਲੀਆਂ, ਬੋਰਡ, ਤਖ਼ਤੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ। ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਚੋਣਾਂ ਅਤੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਦਿਆਂ ਬੋਲੀਆਂ ਤੇ ਗਿੱਧਾ ਅਤੇ ਨੌਜਵਾਨ ਵਿਦਿਆਥੀਆਂ ਵੱਲੋਂ ਮਲਵਈ ਗਿੱਧੇ ਦੀ ਸੁੰਦਰ ਪੇਸ਼ਕਾਰੀ ਕੀਤੀ ਗਈ। ਸਰਕਾਰੀ ਸੀ.ਸੈ.ਸਕੂਲ ਗੱਟੀ ਰਾਜੋ ਕੇ ਦੇ ਵਿਦਿਆਰਥੀਆਂ ਵੱਲੋਂ ਵੋਟਰ ਜਾਰਗੂਕਤਾ ਵਿਸ਼ੇ ਤੇ ਜਾਣਕਾਰੀ ਭਰਪੂਰ ਸੁੰਦਰ ਸਕਿੱਟ ਪੇਸ਼ ਕੀਤੀ ਗਈ। ਐਸ.ਡੀ.ਐਮ. ਵੱਲੋਂ ਰੰਗੋਲੀ, ਗਿੱਧਾ, ਲੋਕ ਗੀਤ, ਸਕਿੱਟ ਤੇ ਭਾਸ਼ਣ ਪੇਸ਼ ਕਰਨ ਵਾਲੇ ਵਿਦਿਆਰਥੀਆਂ ਦਾ ਪ੍ਰਮਾਣ ਪੱਤਰ ਦੇ ਕੇ ਸਨਮਾਨ ਕੀਤਾ ਗਿਆ।

          ਇਸ ਮੌਕੇ ਜ਼ਿਲ੍ਹਾ ਸਵੀਪ ਕੌਆਰਡੀਨੇਟਰ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਆਪਣਾ ਨਾਂ ਵੋਟਰ ਸੂਚੀਆਂ ਵਿਚ ਦਰਜ਼ ਕਰਵਾਉਣ ਅਤੇ ਹੋਰਨਾਂ ਨੂੰ ਵੀ ਇਸ ਸਬੰਧੀ ਪ੍ਰੇਰਿਤ ਕਰਨ ਤਾਂ ਜੋ ਲੋਕਤੰਤਰ ਪ੍ਰਣਾਲੀ ਦੀ ਮਜ਼ਬੂਤੀ ਲਈ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਭਾਗੀਦਾਰ ਬਣਾਇਆ ਜਾ ਸਕੇ।

          ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨੇ ਸਮੂਹ ਹਾਜਰੀਨ ਨੂੰ ਜੀ ਆਇਆਂ ਕਿਹਾ ਅਤੇ ਆਪਣੇ ਸੰਖੇਪ ਤੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਿਆ। ਸਮਾਗਮ ਦੌਰਾਨ ਰਵੀ ਇੰਦਰ ਸਿੰਘ ਵੱਲੋਂ ਸਟੇਜ ਸਕੱਤਰ ਭੁਮਿਕਾ ਬਾਖੂਬੀ ਨਿਭਾਈ ਗਈ।

          ਸਮਾਗਮ ਦੌਰਾਨ ਜ਼ਿਲ੍ਹਾ ਲੋਕ ਸੰਪਕਰ ਅਫ਼ਸਰ ਅਮਰੀਕ ਸਿੰਘ ਸਾਮਾ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਨਾਮੀ ਕਲਾਕਾਰ ਹਰਿੰਦਰ ਸਿੰਘ ਭੁੱਲਰ, ਪ੍ਰਿੰਸੀਪਲ ਦੇਵ ਸਮਾਜ ਕਾਲਜ ਫਾਰ ਵੁਮਨ ਡਾ. ਸੰਗੀਤਾ ਸ਼ਰਮਾ, ਸਰਬਜੀਤ ਸਿੰਘ ਭਾਵੜਾ, ਗੀਤਕਾਰ ਬਲਕਾਰ ਸਿੰਘ ਗਿੱਲ ਗੁਲਾਮੀਵਾਲਾ, ਡਾ. ਅਮਰਜੋਤੀ ਮਾਂਗਟ ਸਵੀਪ ਮੈਂਬਰ, ਕਮਲ ਸ਼ਰਮਾ, ਲਖਵਿੰਦਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਰਜਨੀ ਖੁੰਗਰ, ਕੰਵਲਜੀਤ ਸਿੰਘ, ਜੌਲੀ ਸੰਧੂ, ਪ੍ਰੋ. ਸੁਰੇਸ਼ ਚੋਹਾਨ, ਪਰਗਟ ਗਿੱਲ, ਲੈਕਚਰਾਰ ਰਜਨੀ ਜੱਗਾ ਸਮੇਤ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *