ਜੈਤੋ, 4 ਅਗਸਤ – ਪੰਜਾਬੀ ਰਵਾਇਤਾਂ ਅਤੇ ਸੱਭਿਆਚਾਰ ਨੂੰ ਜ਼ਿੰਦਾ ਰੱਖਦਿਆਂ, ਤੀਆਂ ਦਾ ਤਿਉਹਾਰ ਜੈਤੋ ਦੇ ਡ੍ਰੀਮ ਕ੍ਰਿਸਟਲ ਪੈਲੇਸ ਵਿਖੇ ਵੱਡੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਅਗਵਾਈ ਜੈਤੋ ਤੋਂ ਵਿਧਾਇਕ ਸ. ਅਮੋਲਕ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਮਨਪ੍ਰੀਤ ਕੌਰ ਵੱਲੋਂ ਕੀਤੀ ਗਈ।
ਤੀਆਂ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਰਿਬਨ ਕੱਟ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਸੱਭਿਆਚਾਰਕ ਮੇਲੇ ਦਾ ਪੂਰਾ ਆਨੰਦ ਮਾਣਿਆ।
ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਦੇ ਨਾਲ ਹੀ ਡਾ. ਗੁਰਪ੍ਰੀਤ ਕੌਰ ਅਤੇ ਬੀਬਾ ਮਨਪ੍ਰੀਤ ਕੌਰ ਨੇ ਇਕੱਠੀਆਂ ਔਰਤਾਂ ਨਾਲ ਗਿੱਧਾ ਪਾ ਕੇ ਤੀਆਂ ਦੀ ਰੌਣਕ ਵਿੱਚ ਚਾਰ ਚੰਨ ਲਾਏ।
ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਟੁੱਟ ਹਿੱਸਾ ਹਨ, ਜਿਨ੍ਹਾਂ ਰਾਹੀਂ ਔਰਤਾਂ ਆਪਣੀ ਖੁਸ਼ੀ ਅਤੇ ਭਾਵਨਾਵਾਂ ਦੀ ਪ੍ਰਗਟਾਵਾ ਕਰਦੀਆਂ ਹਨ। ਉਨ੍ਹਾਂ ਮਨਪ੍ਰੀਤ ਕੌਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਸਮਾਗਮ ਔਰਤਾਂ ਨੂੰ ਇੱਕ ਮੰਚ ਉਪਲਬਧ ਕਰਾਉਂਦੇ ਹਨ ਜਿਥੇ ਉਹ ਆਪਣੀ ਸੱਭਿਆਚਾਰਕ ਰਚਨਾਤਮਕਤਾ ਨੂੰ ਪ੍ਰਗਟ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੀ ਹੈ।
ਇਸ ਮੌਕੇ ਮਨਪ੍ਰੀਤ ਕੌਰ ਵੱਲੋਂ ਡਾ. ਗੁਰਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਦੀ ਹਾਜ਼ਰੀ ਲਈ ਧੰਨਵਾਦ ਪ੍ਰਗਟਾਇਆ ਗਿਆ ਕਿ ਉਨ੍ਹਾਂ ਆਪਣੀ ਮੌਜੂਦਗੀ ਨਾਲ ਸਮਾਗਮ ਦੀ ਸ਼ੋਭਾ ਵਧਾਈ।
ਸਮਾਗਮ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚਾਂ, ਪੰਚਾਂ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਭਰਚੜ੍ਹ ਕੇ ਹਿੱਸਾ ਲੈ ਕੇ ਤੀਆਂ ਦੀ ਰਵਾਇਤੀ ਰੌਣਕ ਨੂੰ ਹੋਰ ਵੀ ਵਧਾਇਆ।