ਪਿੰਡ ਉਗਰਾਹਾਂ ਵਿੱਚ ਖੇਡ ਸਟੇਡੀਅਮ ਬਨਾਉਣ ਦੀ ਮੰਗ 25 ਸਾਲਾਂ ਬਾਅਦ ਹੋਈ ਪੂਰੀ

ਪਿੰਡ ਉਗਰਾਹਾਂ, 3 ਅਗਸਤ (000) – ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਵੱਡੇ ਅਤੇ ਮਸ਼ਹੂਰ ਪਿੰਡ ਉਗਰਾਹਾਂ ਵਾਸੀਆਂ ਦੀ ਪਿੰਡ ਵਿੱਚ ਸ਼ਾਨਦਾਰ ਖੇਡ ਸਟੇਡੀਅਮ ਦੀ ਮੰਗ ਆਖ਼ਰ 25 ਸਾਲ ਬਾਅਦ ਪੂਰੀ ਹੋਈ ਹੈ। ਅੱਜ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੇ ਪਿੰਡ ਪਹੁੰਚ ਕੇ ਸਰਪੰਚ ਸ੍ਰ ਗੁਰਪ੍ਰੀਤ ਸਿੰਘ ਸਿੱਧੂ ਅਤੇ ਸਮੂਹ ਪੰਚਾਇਤ ਨੂੰ ਖੇਡ ਸਟੇਡੀਅਮ ਦੀ ਉਸਾਰੀ ਲਈ 64 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਓ ਐਸ ਡੀ ਐਡਵੋਕੇਟ ਸ੍ਰ ਤਪਿੰਦਰ ਸਿੰਘ ਸੋਹੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਖਿਡਾਰੀ ਹਾਜ਼ਰ ਸਨ।

ਸਰਪੰਚ ਸ੍ਰ ਗੁਰਪ੍ਰੀਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਕਿ ਉਹਨਾਂ ਦੀ 25 ਸਾਲ ਬਾਅਦ ਮੰਗ ਪੂਰੀ ਹੋਈ ਹੈ। ਉਹਨਾਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਨੌਜਵਾਨ ਕਲੱਬ ਦੇ ਪ੍ਰਧਾਨ ਰਹੇ ਹਨ। ਉਹ ਪਿਛਲੇ 25 ਸਾਲ ਤੋਂ ਖੇਡ ਸਟੇਡੀਅਮ ਬਨਾਉਣ ਲਈ ਜੱਦੋ ਜਹਿਦ ਕਰ ਰਹੇ ਸਨ। ਇਕ ਵਾਰ ਤਾਂ ਕਿਸੇ ਰਾਜਸੀ ਵਿਅਕਤੀ ਨੇ ਨੀਂਹ ਪੱਥਰ ਵੀ ਰੱਖ ਦਿੱਤਾ ਸੀ ਪਰ ਉਥੇ ਕੰਮ ਹੀ ਨਾ ਸ਼ੁਰੂ ਹੋਇਆ। ਪਰ ਹੁਣ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਦੇ ਯਤਨਾਂ ਸਦਕਾ ਉਹਨਾਂ ਦੀ ਇਹ ਮੰਗ ਪੂਰੀ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿੰਡ ਵਿੱਚ ਕੋਈ ਵੀ ਖੇਡ ਮੈਦਾਨ ਨਹੀਂ ਸੀ। ਇਥੋਂ ਤੱਕ ਕਿ ਪਿੰਡ ਵਿੱਚ ਸਭ ਤੋਂ ਸੌਖਾ ਕਬੱਡੀ ਦਾ ਟੂਰਨਾਮੈਂਟ ਵੀ ਨਹੀਂ ਕਰਵਾਇਆ ਜਾ ਸਕਦਾ ਸੀ।

ਸ੍ਰ ਚੀਮਾ ਨੇ ਆਖਿਆ ਕਿ ਇਸ ਰਾਸ਼ੀ ਨਾਲ 7 ਏਕੜ ਵਿੱਚ ਬਣਨ ਵਾਲੇ ਸਟੇਡੀਅਮ ਵਿੱਚ ਹਾਕੀ, ਵਾਲੀਵਾਲ, ਬਾਸਕਿਟਬਾਲ, ਕਬੱਡੀ, ਕ੍ਰਿਕਟ ਅਤੇ ਹੋਰ ਮੈਦਾਨ ਤਿਆਰ ਕੀਤੇ ਜਾਣਗੇ। ਜਿੱਥੇ ਕਿ ਹਰ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਸਕਣਗੇ। ਉਹਨਾਂ ਕਿਹਾ ਕਿ ਹਲਕਾ ਦਿੜ੍ਹਬਾ ਵਿੱਚ ਪੰਜਾਬ ਸਰਕਾਰ ਵੱਲੋਂ ਤਿੰਨ ਖੇਡ ਕੋਚ ਨਿਯੁਕਤ ਕੀਤੇ ਗਏ ਹਨ। ਇਹ ਖੇਡ ਕੋਚ ਹਲਕੇ ਦੇ ਨੌਜਵਾਨਾਂ ਨੂੰ ਵੱਖ ਵੱਖ ਖੇਡਾਂ ਦੀ ਸਿਖਲਾਈ ਦੇ ਰਹੇ ਹਨ ਉਥੇ ਹੀ ਸਿਹਤਮੰਦ ਅਤੇ ਨਿਰੋਗ ਜੀਵਨ ਜੀਣ ਲਈ ਸੇਧ ਵੀ ਮੁਹਈਆ ਕਰਵਾ ਰਹੇ ਹਨ।

ਸ੍ਰ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਖੇਡਾਂ ਦੇ ਮਿਆਰ ਨੂੰ ਉੱਪਰ ਚੁੱਕਣ ਦੇ ਲਈ ਖੇਡ ਨਰਸਰੀਆਂ ਪਿੰਡਾਂ ਵਿੱਚ ਬਣਾਈਆਂ ਜਾ ਰਹੀਆਂ ਹਨ। ਇਹਨਾਂ ਨਰਸਰੀਆਂ ਦੇ ਤਹਿਤ ਹਲਕਾ ਦਿੜ੍ਹਬਾ ਦੇ ਪਿੰਡ ਕੋਹਰੀਆਂ, ਛਾਹੜ ਅਤੇ ਦਿੜ੍ਹਬਾ ਵਿਖੇ ਵੱਖ-ਵੱਖ ਤਿੰਨ ਖੇਡਾਂ ਦੇ ਕੋਚ ਤਾਇਨਾਤ ਕੀਤੇ ਗਏ ਹਨ।

ਹਰਪਾਲ ਸਿੰਘ ਚੀਮਾ ਨੇ ਹਲਕਾ ਨਿਵਾਸੀਆਂ ਨੂੰ ਕਿਹਾ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਯੂਥ ਨੂੰ ਗਰਾਊਂਡਾਂ ਨਾਲ ਜੋੜ ਕੇ ਪੰਜਾਬ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇ। ਉਹਨਾਂ ਕਿਹਾ ਕਿ ਹੁਣ ਉਹ ਸਮਾਂ ਦੂਰ ਨਹੀਂ, ਜਦੋਂ ਪੰਜਾਬ ਦੇ ਪਿੰਡਾਂ ਵਿਚੋਂ ਨਿਕਲ ਕੇ ਨੌਜਵਾਨ ਮੁੰਡੇ ਕੁੜੀਆਂ ਅੰਤਰਰਾਸ਼ਟਰੀ ਪੱਧਰ ਉੱਤੇ ਦੇਸ਼ ਦੀ ਅਗਵਾਈ ਕਰਨਗੇ ਅਤੇ ਨਾਮਣਾ ਖੱਟਣਗੇ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾਈਆਂ ਗਈਆਂ ਹਨ ਉਥੇ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਨਾਮ ਚਮਕਾਉਣ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਭਵਿੱਖ ਬਹੁਤ ਹੀ ਸੁਨਹਿਰਾ ਹੈ। ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਲਾਭ ਲੈਣ।

Leave a Reply

Your email address will not be published. Required fields are marked *