ਬਰਨਾਲਾ, 19 ਮਈ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ. ਬੈਨਿਥ ਦੀ ਰਹਿਨੁਮਾਈ ਹੇਠ ਸ੍ਰੀ ਅਰੁਣ ਕੁਮਾਰ ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸਿਜ਼ ਵਲੋਂ ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਡੀ.ਸੀ. ਹਾਲ ਬਰਨਾਲਾ ਵਿਖੇ ਕਰਾਇਆ ਗਿਆ।
ਇਸ ਮੌਕੇ ਸ.ਪਰਮਿੰਦਰ ਸਿੰਘ ਭੰਗੂ ਚੇਅਰਮੈਨ ਮਾਰਕਿਟ ਕਮੇਟੀ ਬਰਨਾਲਾ ਅਤੇ ਸ. ਇਸ਼ਵਿੰਦਰ ਸਿੰਘ ਜੰਡੂ ਜ਼ਿਲ੍ਹਾ ਯੂਥ ਪ੍ਰਧਾਨ ਨੇ ਕਿਹਾ ਕਿ ਯੂਥ ਕਲੱਬਾਂ ਦੇ ਗਠਨ ਨਾਲ ਨੌਜਵਾਨ ਪੀੜ੍ਹੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਨਸ਼ੇ ਦਾ ਜੜੋਂ ਖਾਤਮਾ ਕਰਨ ਸਬੰਧੀ ਪਿੰਡ ਪੱਧਰ ‘ਤੇ ਜਾਗਰੂਕਤਾ ਫੈਲਾਏਗੀ। ਟ੍ਰੇਨਿੰਗ ਸੈਸ਼ਨ ਦੌਰਾਨ ਵੀਡੀਓ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਅਤੇ ਖੇਡਾਂ ਵੱਲ ਉਤਸਾਹਿਤ ਕਰਨ ਦਾ ਸੁਨੇਹਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਹਨਾਂ ਕਲੱਬਾਂ ਦਾ ਮੁੱਖ ਉਦੇਸ਼ ਇਹ ਹੋਵੇਗਾ ਕਿ ਪਿੰਡਾਂ ਦੇ ਵਿੱਚ ਅਜਿਹੀ ਸੁਵਿਧਾ ਬਣਾਈ ਜਾ ਸਕੇ ਕਿ ਪਿੰਡ ਵਾਸੀਆਂ ਨੂੰ ਆਸਾਨੀ ਨਾਲ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਕਲੱਬਾਂ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਉੱਤੇ ਨਸ਼ੇ ਦਾ ਇੱਕ ਧੱਬਾ ਲੱਗਿਆ ਹੋਇਆ ਹੈ, ਜਿਸ ਨੂੰ ਸਾਫ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਪੁਨਰਵਾਸ ਕੇਂਦਰ ਅਤੇ ਨਸ਼ਾ ਛੁਡਾਊ ਕੇਂਦਰ ਕਾਰਜਸ਼ੀਲ ਕੀਤੇ ਗਏ ਹਨ, ਜਿਸ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਮੁੜ ਤੋਂ ਆਮ ਵਰਗੀ ਜ਼ਿੰਦਗੀ ਜਿਉਣ ਦੇ ਕਾਬਲ ਬਣਾਉਣਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਵਿੱਚੋਂ ਨਸ਼ਾ ਖਤਮ ਕਰਨ ਲਈ ਯੂਥ ਕਲੱਬ ਬਣਾਉਣੇ ਬਹੁਤ ਜ਼ਰੂਰੀ ਹਨ ਅਤੇ ਸਮਾਜ ਦੀ ਬੇਹਤਰੀ ਲਈ ਔਰਤਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਸ ਵਿੱਚ ਘੱਟ ਤੋਂ ਘੱਟ 21 ਮੈਂਬਰ ਅਤੇ ਵੱਧ ਤੋਂ ਵੱਧ ਜ਼ਰੂਰਤ ਅਨੁਸਾਰ ਮੈਂਬਰ ਸ਼ਾਮਿਲ ਕੀਤੇ ਜਾਣਗੇ ਅਤੇ ਹਰ ਇੱਕ ਪਿੰਡ ਤੋਂ ਇੱਕ ਲੀਡਰ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਦੋਂ ਪਿੰਡ ਪੱਧਰ ‘ਤੇ ਇੱਕ ਕਲੱਬ ਬਣਾ ਲਿਆ ਗਿਆ ਤਾਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕਲੱਬਾਂ ਨੂੰ ਸਿੱਧੇ ਤੌਰ ‘ਤੇ ਫੰਡ ਮੁਹਈਆ ਕਰਵਾਏ ਜਾਣਗੇ। ਕਲੱਬ ਬਣਨ ਤੋਂ ਬਾਅਦ ਕੀ—ਕੀ ਕੰਮ ਕੀਤੇ ਜਾਣੇ ਹਨ ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਿਲਾਈ ਦੇ ਕੰਮ ਲਈ ਸੈਂਟਰ ਬਣਾ ਕੇ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਰੰਗਲੇ ਪੰਜਾਬ ਦੀ ਸਿਰਜਣਾ ਦੀ ਵਾਗਡੋਰ ਨੌਜਵਾਨਾਂ ਦੇ ਮੋਢਿਆਂ ‘ਤੇ ਹੈ ਅਤੇ ਨੌਜਵਾਨਾਂ ਨੂੰ ਸੂਬੇ ਦੀ ਭਲਾਈ ਪ੍ਰਤੀ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ।
ਇਸ ਮੌਕੇ ਸੈਲਫ ਹੈਲਪ ਗਰੁੱਪ ਵੱਲੋਂ ਆਏ ਸ਼੍ਰੀਮਤੀ ਹਰਜਿੰਦਰ ਕੌਰ ਵੱਲੋਂ ਰੁਜ਼ਗਾਰ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਖੇਡਾਂ ਵਤਨ ਪੰਜਾਬ ਵੱਲੋਂ ਆਏ ਐਥਲੀਟ ਰੋਚਨਾਪਾਲ ਰੋਲ ਮਾਡਲ ਅਤੇ ਪ੍ਰੋਗਰਾਮ ਅਫਸਰ ਸ. ਬਲਜੀਤ ਸਿੰਘ ਅਕਲੀਆ ਲੈਕਚਰਾਰ ਵੱਲੋਂ ਯੂਥ ਫੈਸਟੀਵਲ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਬਟ੍ਰੇਨਰ ਸ. ਤੇਜਪਾਲ ਸਿੰਘ, ਸ. ਅਮਨਪ੍ਰੀਤ ਸਿੰਘ, ਦਫਤਰ ਯੁਵਕ ਸੇਵਾਵਾਂ ਤੋਂ ਨੀਨਾ ਰਾਣੀ ਸਟੈਨੋ, ਪ੍ਰੋਗਰਾਮ ਅਫਸਰ ਸ. ਹਰਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਯੂਥ ਕਲੱਬਾਂ ਦੇ ਮੈਂਬਰ ਹਾਜ਼ਰ ਸਨ।
ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਯੂਥ ਕਲੱਬ ਨਿਭਾਉਣਗੇ ਅਹਿਮ ਭੂਮਿਕਾ
