ਫ਼ਰੀਦਕੋਟ 26 ਮਾਰਚ,2024

ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਅੱਜ ਆਲੂਆਂ ਦੀ ਫਸਲ ਤੇ ‘ਰਾਊਂਡ ਅੱਪ’ ਸਪਰੇਅ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਕਿਸਾਨਾਂ ਨੂੰ ਸਖਤ ਤਾੜਨਾ ਕਰਦਿਆਂ ਖੇਤੀਬਾੜੀ ਵਿਭਾਗ ਨੂੰ ਅਜਿਹੇ ਆਲੂ ਕਾਸ਼ਤਕਾਰਾਂ ਖਿਲਾਫ ਸਖਤੀ ਨਾਲ ਪੇਸ਼ ਆਉਣ ਦੇ ਹੁਕਮ ਜਾਰੀ ਕੀਤੇ।

ਆਪਣੇ ਲਿਖਤੀ ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਆਲੂ ਇੱਕ ਅਜਿਹੀ ਫਸਲ ਹੈ ਜਿਸ ਨੂੰ ਹਰ ਅਮੀਰ ਅਤੇ ਗਰੀਬ ਖਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖੁਦ ਦੀ ਪਲੇਟ ਵਿੱਚ ਵੀ ਅਜਿਹੇ ਆਲੂ, ਜਿਨ੍ਹਾਂ ਉੱਪਰ ਜਾਨਲੇਵਾ ਅਤੇ ਖਤਰਨਾਕ ਰਾਊਂਡ ਅੱਪ ਸਪਰੇਅ ਕੀਤੀ ਹੋਵੇ, ਆ ਸਕਦੇ ਹਨ।

ਉਨ੍ਹਾਂ ਕਿਹਾ ਕਿ ਆਲੂ ਦੀ ਫਸਲ ਦਾ ਸੀਜਨ ਚੱਲ ਰਿਹਾ ਹੈ ਅਤੇ ਆਉਣ ਵਾਲੇ 05-07 ਦਿਨਾਂ ਵਿੱਚ ਆਲੂਆਂ ਨੂੰ ਪੱਟ ਲਿਆ ਜਾਵੇਗਾ।ਆਲੂ ਦੀ ਫਸਲ ਨੂੰ ਜਮੀਨ ਵਿਚੋਂ ਕੱਢਣ ਤੋਂ ਪਹਿਲਾਂ ਤਨੇ ਨੂੰ ਜੋ ਜਮੀਨ ਦੇ ਉਪਰ ਹੁੰਦਾ ਹੈ ਉਸ ਨੂੰ ਜੜ੍ਹਾਂ ਤੋਂ ਵੱਖ ਕਰਨਾ ਪੈਂਦਾ ਹੈ। ਇਸ ਤਨੇ ਨੂੰ ਆਲੂ ਨਾਲੋਂ ਵੱਖ ਕਰਕੇ ਜ਼ਮੀਨ ਵਿਚੋਂ ਆਲੂ ਕੱਢੇ ਜਾਂਦੇ ਹਨ, ਜਿਸ ਨੂੰ ਲੇਬਰ ਦੁਆਰਾ ਹੱਥਾਂ ਨਾਲ ਵੱਖ ਕੀਤਾ ਜਾਂਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਕਿਸਾਨ ਇਸ ਤਨੇ ਨੂੰ ਲੇਬਰ ਤੋਂ ਕਢਵਾਉਣ ਦੀ ਬਜਾਏ ਰਾਊਂਡ ਅੱਪ ਕੈਮੀਕਲ ਦੀ ਸਪਰੇਅ ਕਰ ਰਹੇ ਹਨ ਜੋ ਆਲੂਆਂ ਦੇ ਪੱਤਿਆਂ ਦੇ ਨਾਲ ਨਾਲ ਹਰ ਛੋਟੋ ਮੋਟੇ ਘਾਹ ਨੂੰ ਵੀ ਸੁਕਾ ਦਿੰਦਾ ਹੈ। ਇਸ ਕੈਮੀਕਲ ਦੇ ਸਪਰੇਅ ਕਾਰਨ ਆਲੂ ਵੀ ਇਸ ਜ਼ਹਿਰ ਦੀ ਲਪੇਟ ਵਿੱਚ ਆ ਸਕਦੇ ਹਨ ਅਤੇ ਮਨੁੱਖੀ ਸਰੀਰ ਵਿੱਚ ਜਾ ਕੇ ਨੁਕਸਾਨ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਇਸ ਕੈਮੀਕਲ ਨੂੰ ਸਿਰਫ ਪੇਸਟ ਕੰਟਰੋਲ ਵਰਤਣ ਦੀ ਮੰਨਜ਼ੂਰੀ ਦਿੱਤੀ ਹੈ ਪਰ ਕੁਝ ਕਿਸਾਨ ਇਸ ਕੈਮੀਕਲ ਨੂੰ ਫਸਲਾਂ ਤੇ ਸਿੱਧੇ ਤੌਰ ਤੇ ਵਰਤ ਰਹੇ ਹਨ ਜੋ ਸਿਹਤ ਲਈ ਬਹੁਤ ਹੀ ਖਤਰਨਾਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਂਸਰ ਬਹੁਤ ਖਤਰਨਾਕ ਤਰੀਕੇ ਨਾਲ ਫੈਲਣ ਦਾ ਕਾਰਨ ਇਹ ਕੈਮੀਕਲ ਵੀ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਜੋ ਕਿਸਾਨ ਇਸ ਕੈਮੀਕਲ ਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *