ਬਠਿੰਡਾ 23 ਦਸੰਬਰ :
ਜਿਲ੍ਹਾ ਬਠਿੰਡਾ ਦੇ ਆਲੂ ਉਤਪਾਦਕ ਕਿਸਾਨ ਵੀਰਾਂ ਨੂੰ ਆਲੂ ਦੀ ਫ਼ਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਡਿਪਟੀ ਡਾਇਰੈਕਟਰ ਬਾਗਬਾਨੀ ਬਠਿੰਡਾ ਡਾ. ਗੁਰਸ਼ਰਨ ਸਿੰਘ ਮਾਨ ਵੱਲੋਂ ਸਲਾਹ ਦਿੱਤੀ ਗਈ ਹੈ। ਡਿਪਟੀ ਡਾਇਰੈਕਟਰ ਬਾਗਬਾਨੀ ਬਠਿੰਡਾ ਡਾ. ਗੁਰਸ਼ਰਨ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਲੂ ਦੀ ਫ਼ਸਲ ਨੂੰ ਪਾਣੀ ਦਿਨ ਸਮੇਂ ਹੀ ਦਿੱਤਾ ਜਾਵੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਪਿਛੇਤਾ ਝੁਲਸ ਰੋਗ ਦੀ ਰੋਕਥਾਮ ਲਈ ਸਿਫਾਰਸ਼ ਕੀਤੀਆਂ ਗਈਆਂ ਉੱਲੀਨਾਸ਼ਕ ਦਵਾਈਆਂ ਜਿਵੇਂ ਕਿ 500-700 ਗ੍ਰਾਮ ਇੰਡੋਫਿਲ ਐਮ-45/ਮਾਸ ਐਮ-45/ਮਾਰਕਜੈਬ/ਕਵਚ/ਐਂਟਰਾਕੋਲ ਜਾਂ ਕਾਪਰ ਔਕਸੀਕਲੋਰਾਈਡ 50 ਡਬਲਾਊ ਪੀ 750-1000 ਗ੍ਰਾਮ ਪ੍ਰਤੀ ਏਕੜ 250-350 ਲਿਟਰ ਪਾਣੀ ਵਿੱਚ ਘੋਲ ਕੇ ਹਫਤੇ-ਹਫਤੇ ਦੇ ਵਕਫੇ ਤੇ ਛਿੜਕਾਅ ਕੀਤਾ ਜਾਵੇ ਅਤੇ ਜੇਕਰ ਬਿਮਾਰੀ ਦਾ ਵਧੇਰੇ ਖਤਰਾ ਹੋਵੇ ਤਾਂ ਕਰਜ਼ੇਟ ਐਮ-8 ਜਾਂ ਰਿਡੋਮਿਲ ਗੋਲਡ 700 ਗ੍ਰਾਮ ਜਾਂ ਰੀਵਸ 250 ਐਸ ਸੀ 250 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾਂ ਦੇ ਵਕਫੇ ਨਾਲ ਸਪਰੇਅ ਕੀਤਾ ਜਾਵੇ।
ਉਹਨਾਂ ਅੱਗੇ ਦੱਸਿਆ ਕਿ ਜਿਸ ਦਿਨ ਦਿਨ ਸਮੇਂ ਚੰਗੀ ਧੁੱਪ ਅਤੇ ਪੱਛਮ ਵਾਲੀ ਸਾਈਡ ਤੋਂ ਹਵਾ ਚੱਲਦੀ ਹੋਵੇ ਤਾਂ ਉਸ ਦਿਨ ਕੋਰਾ ਪੈਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਇਸ ਫ਼ਸਲ ਨੂੰ ਕੋਰੇ ਦੇ ਨੁਕਸਾਨ ਤੋਂ ਬਚਾਉਣ ਲਈ ਹਲਕੀ ਸਿੰਚਾਈ ਕਰਕੇ, ਖਾਲ੍ਹਾਂ ਵਿੱਚ ਪਾਣੀ ਭਰ ਕੇ ਅਤੇ ਦੇਰ ਰਾਤ ਘਾਹ-ਫੂਸ ਦਾ ਧੂੰਆਂ ਆਦਿ ਕਰਕੇ ਵੀ ਬਚਾਇਆ ਜਾ ਸਕਦਾ ਹੈ।