ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 02 ਜਨਵਰੀ, 2024:

ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਦੇਰ ਸ਼ਾਮ ਭਾਰਤ ਪੈਟਰੋਲੀਅਮ ਕੰਪਨੀ ਲਿਮਟਿਡ ਦੇ ਲਾਲੜੂ ਪਲਾਂਟ ਤੋਂ ਤੇਲ ਅਤੇ ਰਸੋਈ ਗੈਸ ਦੀ ਸਪਲਾਈ ਦਾ ਕੰਮ ਮੁੜ ਸ਼ੁਰੂ ਕਰਨ ਦੇ ਯਤਨਾਂ ਨੂੰ  ਸਫ਼ਲਤਾ ਮਿਲ ਗਈ।

     ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਟੈਂਕਰ ਅਪਰੇਟਰਾਂ ਦੀ ਹੜਤਾਲ ਕਾਰਨ ਪੈਦਾ ਹੋਏ ਗਤੀਰੋਧ ਨੂੰ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੇਰ ਤੋਂ ਹੀ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਐਸ.ਡੀ.ਐਮ ਡੇਰਾਬੱਸੀ, ਐਸ.ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਏ.ਐਸ.ਪੀ ਡੇਰਾਬੱਸੀ ਸ੍ਰੀਮਤੀ ਦਰਪਣ ਆਹਲੂਵਾਲੀਆ ਸਰਗਰਮੀ ਨਾਲ ਟੈਂਕਰ ਅਪਰੇਟਰਾਂ ਨੂੰ ਜ਼ਿਲ੍ਹੇ ਵਿੱਚ ਕੰਮ ਸ਼ੁਰੂ ਕਰਨ ਲਈ ਮਨਾ ਰਹੇ ਸਨ। ਅੰਤ ਵਿੱਚ, ਉਨ੍ਹਾਂ (ਟੈਂਕਰ ਅਪਰੇਟਰਾਂ) ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਮਤੀ ਪ੍ਰਗਟਾਈ ਅਤੇ ਤੇਲ ਅਤੇ ਐਲਪੀਜੀ ਦੀ ਢੋਆ-ਢੁਆਈ ਲਈ ਸਹਿਮਤੀ ਦੇ ਦਿੱਤੀ।

      ਉਨ੍ਹਾਂ ਕਿਹਾ ਕਿ ਇਹ ਡਿਪੂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਹਰਿਆਣਾ ਦੇ ਕੁਰੂਕਸ਼ੇਤਰ, ਹਿਸਾਰ ਅਤੇ ਰੋਹਤਕ ਜ਼ਿਲ੍ਹਿਆਂ ਨੂੰ ਸਪਲਾਈ ਕਰਦਾ ਹੈ।

     ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਤੇਲ ਅਤੇ ਰਸੋਈ ਗੈਸ ਦੀ ਕੋਈ ਕਮੀ ਨਾ ਆਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਬਾਲਣ ਅਤੇ ਰਸੋਈ ਗੈਸ ਦੀ ਸਪਲਾਈ ਨੂੰ ਦਰੁਸਤ ਰੱਖਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ।

     ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਜ਼ਰੂਰੀ ਵਸਤਾਂ ਦੇ ਗ਼ੈਰ ਜ਼ਰੂਰੀ ਭੰਡਾਰਣ ਦੇ ਪਿੱਛੇ ਨਾ ਭੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਪੈਟਰੋਲ ਪੰਪਾਂ ‘ਤੇ ਅਰਾਜਕਤਾ ਵਾਲੀ ਸਥਿਤੀ ਪੈਦਾ ਨਹੀਂ ਕਰਨੀ ਚਾਹੀਦੀ।

      ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਵਾਸੀਆਂ ਨੂੰ ਤੇਲ ਅਤੇ ਰਸੋਈ ਗੈਸ ਪ੍ਰਾਪਤ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

     ਉਨ੍ਹਾਂ ਅੱਗੇ ਕਿਹਾ ਕਿ ਦਵਾਈਆਂ ਅਤੇ ਦੁੱਧ ਵਰਗੀਆਂ ਹੋਰ ਜ਼ਰੂਰੀ ਸਪਲਾਈਆਂ ਨੂੰ ਵੀ ਰੁਕਣ ਨਹੀਂ ਦਿੱਤਾ ਜਾਵੇਗਾ।

Leave a Reply

Your email address will not be published. Required fields are marked *