ਐਸ.ਏ.ਐਸ. ਨਗਰ, 8 ਦਸੰਬਰ, 2024: ਨਗਰ ਨਿਗਮ ਕਮਿਸ਼ਨਰ, ਟੀ ਬੈਨਿਥ ਵੱਲੋਂ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਮੰਤਵ ਨਾਲ ਕੱਲ੍ਹ ਰਾਤ ਵੱਖ-ਵੱਖ ਟੀਮਾਂ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ ਰੰਜੀਵ ਕੁਮਾਰ, ਨਿਗਮ ਇੰਜੀਨੀਅਰ ਕਮਲਦੀਪ ਸਿੰਘ, ਹੈਡ ਡਰਾਫਟਸਮੈਨ ਮੁਖਤਿਆਰ ਸਿੰਘ ਅਤੇ ਸੈਨੇਟਰੀ ਇੰਸਪੈਕਟਰ ਜਗਰੂਪ ਸਿੰਘ ਉਨ੍ਹਾਂ ਦੇ ਨਾਲ ਮੌਜੂਦ ਸਨ। ਕਮਿਸ਼ਨਰ ਵੱਲੋਂ ਸੈਕਟਰ 67, 68 ਅਤੇ ਫੇਜ਼ 1, 3, 5 ਅਤੇ 7 ਦੀ ਮਾਰਕਿਟ ਵਿੱਚ ਸ਼ੋਅ-ਰੂਮ ਮਾਲਕਾਂ ਵੱਲੋਂ ਅਤੇ ਸਟ੍ਰੀਟ ਵੈਂਡਰਾਂ ਵੱਲੋਂ ਕੀਤੇ ਗਏ ਆਰਜ਼ੀ ਨਜਾਇਜ਼ ਕਬਜਿਆਂ ਦੇ ਜਾਇਜ਼ੇ ਦੌਰਾਨ, ਮੌਕੇ ‘ਤੇ ਮੌਜੂਦ ਦੁਕਾਨਦਾਰਾਂ ਅਤੇ ਕੁਝ ਸਟ੍ਰੀਟ ਵੈਂਡਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਉਨ੍ਹਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਜਲਦੀ ਤੋਂ ਜਲਦੀ ਹਟਾ ਲਿਆ ਜਾਵੇ। ਜੇਕਰ ਉਨ੍ਹਾਂ ਵੱਲੋਂ ਇਹ ਸਮਾਨ ਨਹੀਂ ਹਟਾਇਆ ਜਾਂਦਾ ਤਾਂ ਨਗਰ ਨਿਗਮ ਦੀ ਤਹਿਬਜ਼ਾਰੀ ਟੀਮ ਵੱਲੋਂ ਨਿਯਮਾਂ ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਬਾਅਦ ਵਿੱਚ ਕਮਿਸ਼ਨਰ ਵੱਲੋਂ ਨਿਗਮ ਇੰਜੀਨੀਅਰ ਕਮਲਦੀਪ ਸਿੰਘ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ (ਉਦਯੋਗਿਕ ਖੇਤਰ, ਮੁੱਖ ਸੜਕਾਂ ਅਤੇ ਕਾਰਗਿਲ ਪਾਰਕ ਸੈਕਟਰ 71) ਵਿੱਚ ਸਟ੍ਰੀਟ ਲਾਈਟਾਂ ਦੀ ਵੀ ਚੈਕਿੰਗ ਕੀਤੀ ਗਈ। ਉਹਨਾਂ ਵੱਲੋਂ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਕਿਸੇ ਵੀ ਵਾਰਡ ਵਿੱਚ ਹਨੇਰਾ ਨਾ ਰਹੇ। ਇਸ ਮੌਕੇ ਪਾਰਕ ਵਿਚ ਪੈਂਦੇ ਜਨਤਕ ਪਖਾਨਿਆਂ ਦੀ ਵੀ ਚੈਕਿੰਗ ਕੀਤੀ ਗਈ। ਉਨ੍ਹਾਂ ਵੱਲੋਂ ਸ਼ਹਿਰ ਵਿੱਚ ਰਾਤ ਵੇਲੇ ਕੀਤੀ ਜਾਂਦੀ ਮਕੈਨੀਕਲ ਸਫ਼ਾਈ (ਸਵੀਪਿੰਗ) ਦੀ ਵੇਰਕਾ ਤੋਂ ਮੈਕਸ ਹਸਪਤਾਲ ਤੱਕ, ਭੈਣਾਂ ਦੇ ਢਾਬੇ ਤੋਂ ਡਿਪਲਾਸਟ ਚੌਂਕ ਤੱਕ ਅਤੇ ਸ਼ਾਹੀ ਮਾਜਰਾ ਰੋਡ ਦੀ ਚੈਕਿੰਗ ਵੀ ਕੀਤੀ ਗਈ। ਚੈਕਿੰਗ ਦੌਰਾਨ ਠੇਕੇਦਾਰ ਅਤੇ ਉਸ ਦੀ ਮੌਕੇ ‘ਤੇ ਮੌਜੂਦ ਟੀਮ ਨੂੰ ਕਮਿਸ਼ਨਰ ਵੱਲੋਂ ਸਾਫ਼-ਸਫ਼ਾਈ ਠੀਕ ਢੰਗ ਨਾਲ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ।

Leave a Reply

Your email address will not be published. Required fields are marked *