ਫ਼ਰੀਦਕੋਟ 17 ਮਈ 2024
ਅੱਜ ਨਾਮਜ਼ਦਗੀ ਪੱਤਰ ਵਾਪਸ ਕਰਨ ਦੇ ਆਖਰੀ ਦਿਨ ਫਰੀਦਕੋਟ ਲੋਕ ਸਭਾ ਹਲਕਾ (09) ਲਈ ਹੁਣ 28 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ । ਇਨ੍ਹਾਂ ਵਿੱਚੋਂ ਜੇਤੂ ਉਮੀਦਵਾਰ ਮੈਂਬਰ ਪਾਰਲੀਮੈਂਟ ਬਣ ਕੇ ਸੰਸਦ ਭਵਨ, ਨਵੀਂ ਦਿੱਲੀ ਵਿਖੇ ਪਹੁੰਚ ਕੇ ਇਲਾਕੇ ਦੀ ਸੇਵਾ ਕਰੇਗਾ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ, ਲੋਕ ਸਭਾ ਹਲਕਾ (09) ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਪੜਤਾਲ ਉਪਰੰਤ 31 ਉਮੀਦਵਾਰਾਂ ਦੇ ਨਾਮਜਦਗੀ ਦਸਤਾਵੇਜ਼ ਸਹੀ ਪਾਏ ਗਏ ਸਨ, ਜਿੰਨ੍ਹਾ ਵਿਚੋਂ ਅੱਜ 3 ਉਮੀਦਵਾਰਾਂ ਨੇ ਆਪਣੇ ਨਾਮ ਵਾਪਿਸ ਲੈ ਲਏ ਹਨ ।
ਜ਼ਿਕਰਯੋਗ ਹੈ ਕਿ 7 ਮਈ ਤੋਂ 14 ਮਈ ਤੱਕ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਸਨ । ਇਸ ਮੌਕੇ ਬੋਲਦਿਆਂ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 09 ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਅੱਜ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਿਸ ਲੈਣ ਦਾ ਸਮਾਂ ਸੀ ਜਿਸ ਦੌਰਾਨ ਮਨਜੀਤ ਕੌਰ, ਬਲਜਿੰਦਰ ਸਿੰਘ, ਸੰਦੀਪ ਕੌਰ ਖਾਲਸਾ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਿਸ ਲਏ ਹਨ ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਨਿਸ਼ਾਨ ਵੰਡਣ ਦੀ ਪ੍ਰਕ੍ਰਿਆ ਵੀ ਮੁਕੰਮਲ ਕਰ ਲਈ ਗਈ ਹੈ । ਉਨ੍ਹਾਂ ਅੱਗੇ ਦੱਸਿਆ ਕਿ ਰਜਿਸਟਰਡ ਰਾਜਨੀਤਿਕ ਪਾਰਟੀਆਂ ਦੇ ਚੋਣ ਨਿਸ਼ਾਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਆਉਂਦਾ ਹੈ ਅਤੇ ਬਾਕੀਆਂ ਨੂੰ ‘ਫ਼ਰੀ ਸਿੰਬਲ’ ਵਿਚੋਂ ਦਿੱਤੇ ਜਾਂਦੇ ਹਨ ।
ਉਨ੍ਹਾਂ ਦੱਸਿਆ ਕਿ ਵੋਟਾਂ ਪਾਉਣ ਲਈ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਲਗਾਤਾਰ ਜਾਰੀ ਹਨ । ਉਨ੍ਹਾਂ ਕਿਹਾ ਕਿ ਪਿਛਲੇ ਸਰਵੇ ਅਨੁਸਾਰ 65 ਪ੍ਰਤੀਸ਼ਤ ਲੋਕਾਂ ਨੇ ਵੋਟਾਂ ਪਾਈਆਂ ਸਨ ਜਦਕਿ ਇਸ ਵਾਰ ਇਲੈਕਸ਼ਨ ਕਮਿਸ਼ਨ ਦਾ ਨਾਅਰਾ ਹੈ ‘ਅਬ ਕੀ ਬਾਰ 70 ਪਾਰ’, ਜਿਸ ਤਹਿਤ ਚੋਣ ਅਮਲੇ ਤੇ ਪ੍ਰਸ਼ਾਸਨ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ, ਖਰਚਾ ਕੀਤੇ ਜਾਣ ਸਬੰਧੀ ਦਿਸ਼ਾ-ਨਿਰਦੇਸ਼, ਖਰਚੇ ਦਾ ਲੇਖਾ ਜੋਖਾ, ਮੀਡੀਆ ਸਬੰਧੀ ਜਾਣਕਾਰੀ ਅਤੇ ਪ੍ਰਿੰਟਿੰਗ ਪ੍ਰੈਸਾਂ ਵਲੋਂ ਇਸ਼ਤਿਹਾਰ ਛਾਪਣ ਸਬੰਧੀ ਸਾਰੇ ਵੇਰਵੇ ਦੱਸ ਦਿੱਤੇ ਗਏ ਹਨ ।
ਉਨ੍ਹਾਂ ਆਖਿਆ ਕਿ ਇਸ ਬਾਬਤ ਖਰਚਾ ਅਤੇ ਜਨਰਲ ਆਬਜ਼ਰਵਰਾਂ ਵੱਲੋਂ ਵੀ ਵੱਖਰੇ ਤੌਰ ਤੇ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਅਤੇ ਫ਼ਰੀਦਕੋਟ ਹਲਕੇ ਦੇ ਨਾਲ ਸਬੰਧਤ ਸਾਰੀ ਰਾਜਨੀਤਿਕ ਪਾਰਟੀਆਂ ਅਤੇ ਚੋਣ ਅਮਲੇ ਵਲੋਂ ਕੱਲ੍ਹ ਮਿਤੀ 18 ਮਈ ਨੂੰ ਵੀ ਇਸ ਸਬੰਧੀ ਇੱਕ ਅਹਿਮ ਬੈਠਕ ਉਲੀਕੀ ਗਈ ਹੈ ।
ਵੋਟਰਾਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਆਦਰਸ਼ ਚੋਣ ਜ਼ਾਬਤੇ ਦੀਆਂ ਉਲੰਘਣਾ ਸਬੰਧੀ ਸਾਰੀਆਂ ਹਦਾਇਤਾਂ ਸਪੱਸ਼ਟ ਰੂਪ ਵਿੱਚ ਜਾਰੀ ਕੀਤੀਆਂ ਗਈਆਂ ਹਨ । ਇਸ ਤਹਿਤ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਜਾਂ ਕੁਤਾਹੀ ਨਾ ਕਾਬਿਲੇ ਬਰਦਾਸ਼ਤ ਹੋਵੇਗੀ । ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ ਕੁੱਲ 511 ਪੋਲਿੰਗ ਬੂਥ ਹਨ । ਫ਼ਰੀਦਕੋਟ ਵਿੱਚ 185, ਕੋਟਕਪੂਰਾ ਵਿੱਚ 167 ਅਤੇ ਜੈਤੋ ਵਿੱਚ 159 ਪੋਲਿੰਗ ਬੂਥ ਹਨ ।
