ਪੰਜਾਬ ਵਿੱਚ ਹੁਣ ਦਿਨ ਦਾ ਪਾਰਾ ਵੀ ਲਗਾਤਾਰ ਡਿੱਗ ਰਿਹਾ ਹੈ। ਕੁਝ ਦਿਨ ਰਾਤਾਂ ਠੰਢੀਆਂ ਤੇ ਦਿਨ ਗਰਮ ਰਹਿਣ ਮਗਰੋਂ ਹੁਣ ਮੌਸਮ ਤੇਜ਼ੀ ਨਾਲ ਕਰਵਟ ਲੈ ਰਿਹਾ ਹੈ। ਪਿਛਲੇ ਦਿਨਾਂ ਤੋਂ ਦਿਨ ਦਾ ਤਾਪਮਾਨ ਤੇਜ਼ੀ ਨਾਲ ਡਿੱਗ ਰਿਹਾ ਹੈ। ਸੋਮਵਾਰ ਨੂੰ ਦਿਨ ਦੇ ਤਾਪਮਾਨ ‘ਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 2 ਡਿਗਰੀ ਤੱਕ ਹੇਠਾਂ ਜਾ ਸਕਦਾ ਹੈ।
ਇਸ ਦੇ ਨਾਲ ਹੀ ਮੰਗਲਵਾਰ ਦੀ ਸਵੇਰ ਸੰਘਣੀ ਧੁੰਦ ਦੀਆਂ ਰਿਪੋਰਟਾਂ ਹਨ। ਮੌਸਮ ਵਿਭਾਗ ਵੱਲੋਂ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਕਾਰਨ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਅਗਲੇ ਦਿਨੀਂ ਧੁੰਦ ਪੈਣ ਦੇ ਆਸਾਰ ਹਨ। ਇਸ ਲਈ ਪੁਲਿਸ ਨੇ ਸਫਰ ਕਰਨ ਵਾਲਿਆਂ ਲਈ ਅਲਰਟ ਵੀ ਜਾਰੀ ਕੀਤਾ ਹੈ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਫਰੀਦਕੋਟ ਵਿੱਚ ਸਭ ਤੋਂ ਵੱਧ 25.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ 23.3 ਡਿਗਰੀ, ਲੁਧਿਆਣਾ ‘ਚ 22.5, ਪਟਿਆਲਾ ‘ਚ 24.5, ਪਠਾਨਕੋਟ ‘ਚ 23.2, ਬਠਿੰਡਾ ‘ਚ 24.2, ਗੁਰਦਾਸਪੁਰ ‘ਚ 21.0, ਐਸਬੀਐਸ ਨਗਰ ‘ਚ 21.4, ਬਰਨਾਲਾ ‘ਚ 23.1 ਡਿਗਰੀ ਤੇ ਜਲੰਧਰ ‘ਚ 21.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।