ਸਰਹਿੰਦ ਜੀਆਰਪੀ ‘ਚ ਤਾਇਨਾਤ ਇੱਕ ਏਐੱਸਆਈ ਸੁਖਵਿੰਦਰਪਾਲ ਸਿੰਘ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ ਹੈ। ਦੱਸ ਦਈਏ ਕਿ ASI ਦੀ ਕਾਰ ਸਰਹਿੰਦ ਭਾਖੜਾ ਨਹਿਰ ਦੇ ਕੰਢੇ ਮਿਲੀ ਹੈ। ਨੇੜੇ ਹੀ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ‘ਚ ਜੀਆਰਪੀ ਸਰਹਿੰਦ ਦੇ ਐੱਸਐੱਚਓ ਤੇ ਮੁਨਸ਼ੀ ਦਾ ਨਾਂ ਲਿਖਿਆ ਹੈ। ਫਿਲਹਾਲ ਲਾਪਤਾ ASI ਦੀ ਭਾਲ ਜਾਰੀ ਹੈ।
ਜਾਣਕਾਰੀ ਮੁਤਾਬਕ ਏਐੱਸਆਈ ਸੁਖਵਿੰਦਪਾਲ ਸਿੰਘ ਸਰਹਿੰਦ ਵਿਚ ਤਾਇਨਾਤ ਹੈ। ਬੀਤੀ ਰਾਤ ਏਐੱਸਆਈ ਡਿਊਟੀ ਤੋਂ ਪਿੰਡ ਚਨਾਰਥਲ ਸਥਿਤ ਆਪਣੇ ਘਰ ਨਹੀਂ ਪਹੁੰਚਿਆ। ਸਵੇਰੇ ਉਨ੍ਹਾਂ ਦੀ ਕਾਰ ਨਹਿਰ ਕੋਲ ਖੜ੍ਹੀ ਸੀ। ਜਦੋਂ ਆਸ-ਪਾਸ ਦੇਖਿਆ ਤਾਂ ਇਕ ਸੁਸਾਈਡ ਨੋਟ ਮਿਲਿਆ। ਪੁਲਿਸ ਤੇ ਪਰਿਵਾਰ ਨੇ ਮਿਲ ਕੇ ਲਾਪਤਾ ASI ਦੀ ਭਾਲ ਸ਼ੁਰੂ ਕਰ ਦਿੱਤੀ। ਗੋਤਾਖੋਰਾਂ ਦੀ ਮਦਦ ਨਾਲ ਏਐੱਸਆਈ ਦੀ ਭਾਲ ਕੀਤੀ ਜਾ ਰਹੀ ਹੈ।
ਸੁਸਾਈਡ ਨੋਟ ਵਿਚ ਲਿਖਿਆ ਗਿਆ ਹੈ ਕਿ ਜੀਆਰਪੀ ਐੱਸਐੱਚਓ ਗੁਰਦਰਸ਼ਨ ਸਿੰਘ ਤੇ ਮੁਨਸ਼ੀ ਗੁਰਿੰਦਰ ਸਿੰਘ ਢੀਂਡਸਾ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਸਾਲ 2022 ਦੀ ਐੱਫਆਈਆਰ ਨੰਬਰ 18 ਵਿਚ ਚਾਲਾਨ ਪੇਸ਼ਕਰਨ ਨੂੰ ਲੈ ਕਿ ਜ਼ਿਆਦਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।ਇਸੇ ਪ੍ਰੇਸ਼ਾਨੀ ਕਾਰਨ ਏਐੱਸਆਈ ਨੇ ਖੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਪੁਲਿਸ ਨੇ ਕਾਰ ਤੇ ਸੁਸਾਈਡ ਨੋਟ ਦੋਵੇਂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੇਲਵੇ ਪੁਲਿਸ ਦੇ ਡੀਐੱਸਪੀ ਜਗਮੋਹਨ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਐੱਸਐੱਚਓ ਤੇ ਮੁਨਸ਼ੀ ਦੋਵਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੂੰ ਐਡੀਸ਼ਨਲ ਐੱਸਐੱਚਓ ਸਰਹਿੰਦ ਲਗਾਇਆ ਗਿਆ ਹੈ।