ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਬੈਡਮਿੰਟਨ ਖਿਡਾਰਨ ਇਸ਼ਿਤਾ ਸ਼ਰਮਾ ਦਾ ਸਨਮਾਨ

ਸੰਗਰੂਰ, 24 ਦਸੰਬਰ:
ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿਖੇ ਹੋਈਆਂ ਸਕੂਲ ਨੈਸ਼ਨਲ ਖੇਡਾਂ ਤਹਿਤ ਬੈਡਮਿੰਟਨ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਟੀਮ ਪੱਧਰ ਉੱਤੇ ਸੋਨ ਤਮਗਾ ਜਿੱਤਣ ਵਾਲੀ ਸੰਗਰੂਰ ਵਾਸੀ ਖਿਡਾਰਨ ਇਸ਼ਿਤਾ ਸ਼ਰਮਾ ਨੂੰ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਇਸ਼ਿਤਾ ਸ਼ਰਮਾ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਖੇਡ ਖੇਤਰ ਵਿੱਚ ਇਸ਼ਿਤਾ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਹ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਵੱਡੀਆਂ ਉਪਲਬਧੀਆਂ ਹਾਸਲ ਕਰ ਰਹੇ ਹਨ। ਉਨ੍ਹਾਂ ਨੇ ਇਸ਼ਿਤਾ ਅਤੇ ਉਸ ਦੀ ਸਮੁੱਚੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਵਿਅਕਤੀਗਤ ਤੇ ਟੀਮ ਪੱਧਰ ਉੱਤੇ ਆਪਸੀ ਤਾਲਮੇਲ ਅਤੇ ਸਾਂਝ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਦਰਜ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਇਸ਼ਿਤਾ ਦੇ ਪਿਤਾ ਰਵੀ ਸ਼ਰਮਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ । ਇਸ ਮੌਕੇ ਰਵੀ ਸ਼ਰਮਾ ਨੇ ਦੱਸਿਆ ਕਿ ਖੇਡ ਮੁਕਾਬਲੇ ਵਿੱਚ ਕੁੱਲ 5 ਲੜਕੀਆਂ ਨੇ ਅੰਡਰ 19 ਉਮਰ ਵਰਗ ਵਿੱਚ ਭਾਗ ਲਿਆ ਜਿਨ੍ਹਾਂ ਵਿੱਚੋਂ ਤਿੰਨ ਜਲੰਧਰ ਦੀਆਂ, ਇੱਕ ਸੰਗਰੂਰ ਅਤੇ ਇੱਕ ਮਲੇਰਕੋਟਲਾ ਦੀ ਖਿਡਾਰਨ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਗਰਲਜ਼ ਸਕੂਲ ਦੀ ਅੰਡਰ-19 ਟੀਮ ਨੇ ਵਿਜੇਵਾੜਾ ਵਿਖੇ ਆਯੋਜਿਤ 67ਵੀਆਂ ਸਕੂਲ ਖੇਡਾਂ ਦੇ ਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਵਿੱਚ ਵੱਕਾਰੀ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ।
ਇਸ ਮੌਕੇ ਬਲਾਕ ਪ੍ਰਧਾਨ ਗੁਰਪਿਆਰ ਸਿੰਘ ਅਕੋਈ ਸਾਹਿਬ, ਬਲਵਿੰਦਰ ਬਬਲਾ, ਮਨਦੀਪ ਰੂਪਾਹੇੜੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *