ਜਲੰਧਰ, 7 ਜੁਲਾਈ : ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪੰਜਾਬ ਪੁਲਿਸ ਵੱਲੋਂ ਸਮੱਗਲਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਕਾਰਵਾਈ ਕਰਦਿਆਂ ਫਿਰੌਤੀ ਮੰਗਣ ਵਾਲੇ ਦੋ ਖਤਰਨਾਕ ਗੈਂਗਸਟਰਾਂ ਨੂੰ ਪੁਲਿਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, 2 ਨਾਜਾਇਜ਼ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ।

ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐਸ.ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਦੀ ਅਗਵਾਈ ਵਿੱਚ ਐਸ.ਐਚ.ਓ. ਥਾਣਾ ਸ਼ਾਹਕੋਟ ਬਲਵਿੰਦਰ ਸਿੰਘ ਭੁੱਲਰ ਦੀ ਟੀਮ ਵੱਲੋਂ ਇਹ ਸਫ਼ਲਤਾ ਹਾਸਲ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਸ਼ਾਹਕੋਟ ਪੁਲਿਸ ਨੂੰ ਸੋਮਵਾਰ ਸਵੇਰੇ ਸਮਾਂ 4:45 ਵਜੇ ਪਿੰਡ ਸਾਦਿਕਪੁਰ, ਢੰਡੋਵਾਲ, ਤਲਵੰਡੀ ਸੰਘੇੜਾ, ਬਿੱਲੀ ਚਹਾਰਮੀ, ਭੁੱਲਰ, ਨਵਾਂ ਕਿਲਾ, ਕੋਟਲੀਗਾਜਰਾਂ ਆਦਿ ਪਿੰਡਾਂ ਵਿੱਚ ਦੋ ਸ਼ੱਕੀ ਨੌਜਵਾਨਾਂ ਬਾਰੇ ਇਤਲਾਹ ਮਿਲੀ ਸੀ। ਸੂਚਨਾ ਮਿਲਣ ’ਤੇ ਮੁੱਖ ਅਫ਼ਸਰ ਵੱਲੋਂ ਤੁਰੰਤ ਕੰਟਰੋਲ ਰੂਮ ਜਲੰਧਰ ਦਿਹਾਤੀ ਰਾਹੀਂ ਆਸ-ਪਾਸ ਦੇ ਥਾਣਿਆਂ ਅਤੇ ਸੀਨੀਅਰ ਅਫ਼ਸਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਵੱਖ-ਵੱਖ ਪੁਲਿਸ ਪਾਰਟੀਆਂ ਥਾਣਾ ਸ਼ਾਹਕੋਟ ਦੇ ਏਰੀਏ ਵਿੱਚ ਗਸ਼ਤ ਲਈ ਭੇਜੀਆਂ ਗਈਆਂ।

ਪੁਲਿਸ ਪਾਰਟੀ ਵੱਲੋਂ ਸਵੇਰੇ ਕਰੀਬ 6:15 ਵਜੇ ਪਿੰਡ ਕੋਟਲੀ ਗਾਜਰਾਂ ਅੰਡਰ ਬ੍ਰਿਜ ਨੇੜੇ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ’ਤੇ ਸ਼ੱਕ ਆਧਾਰ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਨ੍ਹਾਂ ਨੇ ਇੱਕ ਦਮ ਮੋਟਰਸਾਈਕਲ ਪਿੱਛੇ ਮੋੜਦੇ ਹੋਏ ਦੌੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨ ’ਤੇ ਇਨ੍ਹਾਂ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਪਾਰਟੀ ਵਲੋਂ ਆਪਣੇ ਬਚਾਅ ਵਿੱਚ ਸ਼ੱਕੀ ਨੌਜਵਾਨਾਂ ਨੂੰ ਕਾਬੂ ਕਰਨ ਲਈ ਜਵਾਬੀ ਕਾਰਵਾਈ ਕਰਦਿਆਂ ਫਾਇਰ ਕੀਤੇ ਗਏ, ਜਿਸ ਦੌਰਾਨ ਇਨ੍ਹਾਂ ਦੋਵਾਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਇੱਕ-ਇੱਕ ਗੋਲੀ ਲੱਗੀ ਅਤੇ ਮੌਕੇ ਤੋਂ ਇਨ੍ਹਾਂ ਪਾਸੋਂ ਦੋ ਦੇਸੀ ਪਿਸਤੌਲ 32 ਬੋਰ ਸਮੇਤ 5 ਰੋਂਦ ਤੇ 110 ਨਸ਼ੀਲੀਆਂ ਗੋਲੀਆਂ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ। ਪੁਲਿਸ ਮੁਕਾਬਲੇ ਤੋਂ ਬਾਅਦ ਮੁਲਜ਼ਮਾਂ ਨੂੰ ਤੁਰੰਤ ਡਾਕਟਰੀ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਖੰਨਾ ਵਾਸੀ ਨਵਾਂ ਪਿੰਡ ਦੋਨੇਵਾਲਾ ਅਤੇ ਅਜੇ ਕੁਮਾਰ ਉਰਫ਼ ਅਜੇ ਬਾਬਾ ਵਾਸੀ ਪਿੰਡ ਕੰਦੋਲਾ ਕਲਾਂ ਵਜੋਂ ਹੋਈ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਮੁੱਢਲੀ ਪੁਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਬੜੇ ਹੀ ਖਤਰਨਾਕ ਕਿਸਮ ਦੇ ਨਸ਼ੇ, ਹਥਿਆਰਾਂ ਦੀ ਤਸਕਰੀ ਅਤੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਮੈਂਬਰ ਹਨ ਅਤੇ ਪਿਛਲੇ ਦਿਨੀਂ ਥਾਣਾ ਲੋਹੀਆਂ ਵਿਖੇ ਇਸੇ ਗਿਰੋਹ ਦੇ 8 ਮੈਂਬਰ ਗ੍ਰਿਫ਼ਤਾਰ ਕੀਤੇ ਗਏ ਸਨ। ਇਸ ਗਿਰੋਹ ਦੇ ਮੁੱਖ ਸਰਗਨਾ ਅਮਰੀਕਾ ਅਤੇ ਇੰਗਲੈਂਡ ਵਿੱਚ ਬੈਠ ਕੇ ਗੈਂਗ ਮੁੱਖੀਆਂ ਦੇ ਨਾਂ ’ਤੇ ਲੋਹੀਆ ਇਲਾਕੇ ਵਿੱਚ ਵੱਖ-ਵੱਖ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਮੋਟੀਆ ਫਿਰੌਤੀਆਂ ਮੰਗਦੇ ਅਤੇ ਵੱਡੀ ਤਾਦਾਦ ਵਿੱਚ ਨਸ਼ੇ ਦਾ ਧੰਦਾ ਕਰਦੇ ਹਨ ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਫਿਰੌਤੀਆਂ ਮੰਗਣ ਅਤੇ ਇਰਾਦਾ ਕਤਲ ਦੇ ਮੁਕੱਦਮੇ ਪਹਿਲਾਂ ਹੀ ਦਰਜ ਹਨ, ਜਿਨ੍ਹਾਂ ਵਿੱਚੋਂ ਫਰਾਰ ਚੱਲੇ ਆ ਰਹੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਅਜੇ ਬਾਬਾ ਫਾਇਰਿੰਗ, ਫਿਰੌਤੀ ਮੰਗਣ ਅਤੇ ਰੇਕੀ ਕਰਨ ਵਾਲਿਆਂ ਨੂੰ ਅਸਲਾ ਸਪਲਾਈ ਕਰਨ ਆਦਿ ਦੇ ਮੁਕੱਦਮਿਆਂ ਵਿੱਚ ਥਾਣਾ ਸਦਰ ਨਕੋਦਰ ਅਤੇ ਥਾਣਾ ਲੋਹੀਆਂ ਨੂੰ ਵੀ ਲੋੜੀਂਦੀ ਹੈ। ਇਸੇ ਤਰ੍ਹਾਂ ਲਖਵਿੰਦਰ ਸਿੰਘ ਉਰਫ਼ ਖੰਨਾ 50-50 ਲੱਖ ਰੁਪਏ ਫਿਰੌਤੀ ਮੰਗਣ ਸਬੰਧੀ ਥਾਣਾ ਲੋਹੀਆਂ ਵਿਖੇ ਦਰਜ 3 ਮੁਕੱਦਮਿਆਂ ਵਿੱਚ ਵੀ ਲੋੜੀਂਦਾ ਹੈ।

Leave a Reply

Your email address will not be published. Required fields are marked *