ਭਵਾਨੀਗੜ੍ਹ/ਸੰਗਰੂਰ, 03 ਜੁਲਾਈ

ਪਿੰਡ ਭੱਟੀਵਾਲ ਕਲਾਂ ਵਿਖੇ ਪਾਣੀ ਦੀ ਨਿਕਾਸੀ ਦੀ 20 ਸਾਲ ਪੁਰਾਣੀ ਦਿੱਕਤ ਕਰੀਬ 80 ਲੱਖ ਰੁਪਏ ਦੇ ਪ੍ਰੋਜੈਕਟ ਤਹਿਤ 02 ਨਵੇਂ ਛੱਪੜ ਪੁੱਟ ਕੇ ਅਤੇ ਨਵੀਆਂ ਪਾਈਪ ਲਾਈਨਾਂ ਪਾ ਕੇ ਦੂਰ ਕੀਤੀ ਗਈ ਹੈ। ਇਹ ਜਾਣਕਾਰੀ ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਹਲਕੇ ਦੇ ਪਿੰਡ
ਭੱਟੀਵਾਲ ਕਲਾਂ, ਖਿਲਰੀਆਂ ਤੇ ਚੰਗਾਲ ਦਾ ਦੌਰਾ ਕਰਨ ਮੌਕੇ ਸਾਂਝੀ ਕੀਤੀ।

ਹਲਕਾ ਵਿਧਾਇਕ ਨੇ ਦੱਸਿਆ ਕਿ ਭੱਟੀਵਾਲ ਕਲਾਂ ਵਿਖੇ ਪੁਰਾਣੇ ਛੱਪੜਾਂ ਤੋਂ ਪਾਣੀ ਨੂੰ 02 ਨਵੇਂ
ਛੱਪੜਾਂ ਵਿੱਚ ਪਾਇਆ ਗਿਆ ਹੈ ਅਤੇ ਸੀਚੇਵਾਲ ਮਾਡਲ ਪ੍ਰੋਜੈਕਟ ਤਹਿਤ ਸਾਫ ਕੀਤਾ ਪਾਣੀ ਪਾਈਪ ਲਾਈਨ ਰਾਹੀਂ ਖੇਤਾਂ ਨੂੰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਜਿੱਥੇ ਪਾਣੀ ਦੀ ਨਿਕਾਸੀ ਦੀ ਦਿੱਕਤ ਦੂਰ ਹੋਈ ਹੈ, ਉੱਥੇ ਸਿੰਜਾਈ ਲਈ ਧਰਤੀ ਹੇਠਲੇ ਪਾਣੀ ਉੱਤੇ ਨਿਰਭਰਤਾ ਘਟੀ ਹੈ।

ਪਿੰਡ ਖਿਲਰੀਆਂ ਤੇ ਚੰਗਾਲ ਦੇ ਰਕਬੇ ਨੂੰ ਨਹਿਰੀ ਪਾਣੀ ਘੱਟ ਲੱਗਣ ਦੀ ਮੁਸ਼ਕਲ ਦਾ ਜਾਇਜ਼ਾ ਲੈਂਦੇ ਹੋਏ ਹਲਕਾ ਵਿਧਾਇਕ ਨੇ ਦੱਸਿਆ ਕਿ ਇਸ ਮਾਈਨਰ ਦੀ ਕਾਇਆ ਕਲਪ ਕਰਨ ਦਾ ਪ੍ਰੋਜੈਕਟ ਪਾਸ ਹੋ ਚੁੱਕਿਆ ਹੈ ਤੇ ਝੋਨੇ ਦੇ ਸੀਜ਼ਨ ਤੋਂ ਬਾਅਦ ਇਸ ਪ੍ਰੋਜੈਕਟ ਪੂਰਾ ਕਰ ਦਿੱਤਾ ਜਾਵੇਗਾ, ਜਿਸ ਨਾਲ ਲੋੜ ਮੁਤਾਬਕ ਪੂਰਾ ਪਾਣੀ ਮਿਲੇਗਾ। ਇਸ ਦੇ ਨਾਲ-ਨਾਲ ਸਿੰਜਾਈ ਲਈ ਟਿਊਬਵੈੱਲ ਕਾਰਪੋਰੇਸ਼ਨ ਵੱਲੋਂ ਪਾਈ ਪਾਈਪ ਲਾਈਨ ਸਬੰਧੀ ਦਿੱਕਤਾਂ ਦੂਰ ਕਰਨ ਲਈ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ।

ਹਲਕਾ ਵਿਧਾਇਕ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪੰਜਾਬ ਸਰਕਾਰ ਦਿਨ-ਰਾਤ ਇੱਕ ਕਰ ਕੇ ਸੂਬੇ ਦੇ ਵਿਕਾਸ ਲਈ ਕੰਮ ਕਰ ਰਹੀ ਹੈ।

ਇਸ ਮੌਕੇ ਬੀ.ਡੀ.ਪੀ.ਓ. ਸ਼੍ਰੀ ਲੈਨਿਨ ਗਰਗ, ਐੱਸ.ਡੀ.ਓ. ਸ਼੍ਰੀ ਕਰਨ ਬਾਂਸਲ, ਐੱਸ.ਡੀ.ਓ. ਸ਼੍ਰੀ ਹਰਸ਼ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖੋ-ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *