ਫ਼ਾਜ਼ਿਲਕਾ 1 ਜੁਲਾਈ

 ਬਰਸਾਤਾਂ ਦੇ ਮੌਸਮ ਦੌਰਾਨ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਹੈਜੇ ਦੀ ਬਿਮਾਰੀ ਤੋਂ ਬਚਾਉਣ ਵਾਸਤੇ ਸਿਹਤ ਵਿਭਾਗ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ “ ਸਟਾਪ ਡਾਇਰੀਆ “ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਲਗਭਗ 46000 ਬੱਚਿਆਂ ਨੂੰ ਘਰ-ਘਰ ਜਾ ਕੇ 2 ਓ.ਆਰ.ਐਸ. ਦੇ ਪੈਕਟ ਵੰਡੇ ਜਾਣਗੇ। 2 ਮਹੀਨੇ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਜਿੰਕ ਦੀਆਂ 14-14 ਗੋਲੀਆਂ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ  ਸੇਨੂ ਦੁੱਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ “ ਸਟਾਪ ਡਾਇਰੀਆ ” ਮੁਹਿੰਮ ਸਬੰਧੀ ਮੁਹਿੰਮ ਨੂੰ ਲਾਂਚ ਕਰਨ ਸਮੇਂ ਕੀਤੀ।

 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਚਿਆਂ ਦੀ ਸਿਹਤ ਨੂੰ ਲੈ ਕੇ ਸਮੇਂ-ਸਮੇਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਦੇ ਹਨ ਜਿਸ ਤਹਿਤ ਮੁਹਿੰਮ ਚਲਾ ਕੇ ਬਚਿਆਂ ਨੂੰ ਸਿਹਤ ਪ੍ਰਤੀ ਧਿਆਨ ਰੱਖਣ ਅਤੇ ਮੁਹਿੰਮ ਨਾਲ ਸਬੰਧਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਮੌਸਮ ਦੇ ਬਦਲਾਅ ਦੇ ਅਨੁਸਾਰ ਬਚਿਆਂ ਦੀ ਸਿਹਤ ਨੂੰ ਨੁਕਸਾਨ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀ ਡਾਇਰੀਆ ਕਾਰਨ ਹੋਣ ਵਾਲੀ ਮੌਤ ਦੀ ਦਰ ਨੂੰ ਘਟਾਉਣਾ ਹੈ।

 ਇਸ ਮੌਕੇ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਅਤੇ ਡਾ. ਹਰਵਿੰਦਰ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ, ਜਿਨ੍ਹਾਂ ਨੂੰ ਓ.ਆਰ.ਐੱਸ. ਦੇ ਪੈਕੇਟ ਅਤੇ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਦਸਤ ਕਾਰਨ ਹੋਣ ਵਾਲੀਆਂ ਲਗਭਗ ਸਾਰੀਆਂ ਮੌਤਾਂ ਨੂੰ ਓਰਲ ਰੀਹਾਈਡਰੇਸ਼ਨ ਸਾਲਟ (ਓ.ਆਰ.ਐਸ) ਦੀ ਸਹੀ ਮਾਤਰਾ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਖੁਰਾਕ ਦੇ ਨਾਲ-ਨਾਲ ਬੱਚੇ ਦੁਆਰਾ ਲੋੜੀਂਦੀ ਪੋਸ਼ਣ ਦੇ ਸੇਵਨ ਨਾਲ ਰੋਕਿਆ ਜਾ ਸਕਦਾ ਹੈ।

  ਡਾ. ਕਵਿਤਾ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ ਨੇ ਡਾਇਰੀਆ ਕਾਰਨ ਜ਼ੀਰੋ ਮੌਤਾਂ ਦੇ ਟੀਚੇ ਦੀ ਪ੍ਰਾਪਤੀ ਲਈ ਜਨਤਾ ਦੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਿਲਾ ਫ਼ਾਜ਼ਿਲਕਾ ਅਧੀਨ ਸਾਰੇ ਸਿਹਤ ਕੇਂਦਰਾਂ ਵਿੱਚ ਓ.ਆਰ.ਐਸ ਅਤੇ ਜ਼ਿੰਕ ਕਾਰਨਰ ਸਥਾਪਤ ਕੀਤੇ ਗਏ ਹਨ ਅਤੇ ਸਿਹਤ ਕਰਮਚਾਰੀ ਓ.ਆਰ.ਐਸ ਤਿਆਰ ਕਰਨ ਦੇ ਤਰੀਕੇ ਬਾਰੇ ਲੋਕਾਂ ਨੂੰ ਦੱਸ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰ ਹਰ ਘਰ ਵਿੱਚ ਪਹੁੰਚ ਕੇ ਲੋਕਾਂ ਨੂੰ ਦਸਤ ਦੇ ਇਲਾਜ ਅਤੇ ਰੋਕਥਾਮ ਦੇ ਉਪਾਅ ਪ੍ਰਤੀ ਜਾਗਰੂਕ  ਕਰਨਗੇ।

 ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾਕਟਰ ਏਰਿਕ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਫ ਪਾਣੀ ਪੀਣਾ ਚਾਹੀਦਾ ਹੈ , ਪੀਣ ਵਾਲੇ ਪਾਣੀ ਨੂੰ ਹਮੇਸ਼ਾ ਢੱਕ ਕੇ ਰੱਖੋ ,ਆਪਣਾ ਆਲਾ-ਦੁਆਲਾ ਸਾਫ਼ ਰੱਖੋ । ਘੱਟੋ-ਘੱਟ ਛੇ ਮਹੀਨੇ ਤੱਕ ਮਾਂ ਦਾ ਦੁੱਧ ਪਿਲਾਉਣ  ਅਤੇ ਸਮੇਂ-ਸਮੇਂ ਸਿਰ ਆਪਣੇ ਹੱਥ ਧੋਵੋ। ਇਨ੍ਹਾਂ ਸਾਰਿਆਂ ਉਪਰਾਲਿਆਂ ਨਾਲ ਅਤੇ  ਉਚਿਤ ਪੋਸ਼ਣ ਨਾਲ ਦਸਤ ਨੂੰ ਰੋਕਿਆ ਜਾ ਸਕਦਾ ਹੈ।ਦਸਤ ਨੂੰ ਰੋਕਣ ਲਈ  ਸਵੱਛਤਾ ਬਣਾਈ ਰੱਖਣ ਦੀ ਜ਼ਰੂਰਤ ਹੈ  ਅਤੇ ਬਿਮਾਰੀ ਦੇ ਇਲਾਜ ਲਈ ਓ.ਆਰ.ਐੱਸ. ਅਤੇ ਜ਼ਿੰਕ ਥੈਰੇਪੀ ਕਾਰਗਰ ਹੈ ।

  ਇਸ ਮੌਕੇ ਜਿਲਾ ਮਾਸ ਮੀਡੀਆ ਅਫਸਰ ਵਿਨੋਦ ਕੁਮਾਰ, ਦਿਵੇਸ਼ ਕੁਮਾਰ ਬੀ ਸੀ ਸੀ ਸੁਖਦੇਵ ਸਿੰਘ ਹਾਜਰ ਸੀ।

Leave a Reply

Your email address will not be published. Required fields are marked *