
ਗੁਰਦਾਸਪੁਰ, 25 ਅਗਸਤ ( ) – ਬਾਬਾ ਗੁੱਜਾ ਪੀਰ ਮੇਲਾ ਕਮੇਟੀ ਅਤੇ ਪਿੰਡ ਵਰਸੋਲਾ ਦੇ ਸਮੂਹ ਵਸਨੀਕਾਂ ਵੱਲੋਂ ਆਪਣੇ ਪਿੰਡ ਵਿੱਚ 62ਵਾਂ ਸਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਦੋ ਦਿਨ ਚੱਲੇ ਇਸ ਮੇਲੇ ਦੇ ਅਖੀਰਲੇ ਦਿਨ ਸੂਬੇ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ, ਸ. ਜਗਰੂਪ ਸਿੰਘ ਸੇਖਵਾਂ, ਸ. ਬਲਬੀਰ ਸਿੰਘ ਪੰਨੂ ਅਤੇ ਸ੍ਰੀ ਸ਼ਮਸ਼ੇਰ ਸਿੰਘ ਦੀਨਾਨਗਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਜ਼ਾਰੀ ਭਰੀ। ਅੱਜ ਹੋਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਆਤਮਾ ਸਿੰਘ ਬੁੱਢੇਵਾਲ ਨੇ ਆਪਣਾ ਕਲਾ ਦਾ ਮੁਜ਼ਾਹਰਾ ਕੀਤਾ।
ਪਿੰਡ ਵਰਸੋਲਾ ਦੇ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਘੋਲ-ਕੁਸ਼ਤੀਆਂ ਵਿੱਚ ਹਿੱਸਾ ਲੈਣਾ ਅਤੇ ਖ਼ੁਸ਼ੀ ਵਿੱਚ ਭੰਗੜੇ ਪਾਉਣੇ ਸਾਡੇ ਰੰਗਲੇ ਪੰਜਾਬ ਦੇ ਉਹ ਰੰਗ ਹਨ ਜਿਨ੍ਹਾਂ ਉੱਪਰ ਹਰ ਪੰਜਾਬੀ ਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਰਸੋਲਾ ਦੇ ਵਸਨੀਕ ਇਸ ਗੱਲੋਂ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਾਸਤ ਨੂੰ ਬਚਾ ਕੇ ਰੱਖਿਆ ਹੋਇਆ ਹੈ ਅਤੇ ਅੱਜ ਆਪਣੇ ਪਿੰਡ ਬਾਬਾ ਗੁੱਜਾ ਪੀਰ ਜੀ ਦੀ ਯਾਦ ਵਿੱਚ 62ਵਾਂ ਸਲਾਨਾ ਮੇਲਾ ਕਰਵਾ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਕਿਹਾ ਕਿ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕੁਝ ਸਮਾਂ ਪਹਿਲਾਂ ਉਨ੍ਹਾਂ ਕੋਲੋਂ ਇਸ ਇਲਾਕੇ ਦੇ ਕਿਰਨ ਨਾਲੇ ਨੂੰ ਸਾਫ਼ ਕਰਨ ਦੀ ਮੰਗ ਕੀਤੀ ਸੀ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਇਸ ਜਾਇਜ਼ ਮੰਗ ਨੂੰ ਮੰਨਦੇ ਹੋਏ ਕਿਰਨ ਨਾਲੇ ਦੀ ਸਫ਼ਾਈ ਕਰਵਾਈ ਗਈ ਸੀ। ਸ੍ਰੀ ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬੜੀ ਤਸੱਲੀ ਹੋਈ ਹੈ ਕਿ ਇਸ ਵਾਰ ਸਫ਼ਾਈ ਹੋਣ ਕਾਰਨ ਕਿਰਨ ਨਾਲੇ ਦਾ ਪਾਣੀ ਓਵਰ ਫਲੋਅ ਨਹੀਂ ਹੋਇਆ ਜਿਸ ਕਾਰਨ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਣੋਂ ਬਚ ਗਿਆ ਹੈ। ਇਲਾਕਾ ਨਿਵਾਸੀਆਂ ਦੀ ਮੰਗ ‘ਤੇ ਉਨ੍ਹਾਂ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਹੁਕਮ ਕੀਤੇ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਿਰਨ ਨਾਲੇ ਦੀ ਸਫ਼ਾਈ ਦਾ ਜੋ ਥੋੜ੍ਹਾ ਕੰਮ ਰਹਿ ਗਿਆ ਹੈ ਉਸ ਨੂੰ ਵੀ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਸਫ਼ਾਈ ਕਰਨ ਵਾਲੀਆਂ ਵੱਡੀਆਂ ਮਸ਼ੀਨਾਂ ਭੇਜੀਆਂ ਜਾਣਗੀਆਂ। ਇਸ ਦੇ ਨਾਲ ਨਾਲ ਹੀ ਉਨ੍ਹਾਂ ਨੇ ਨਬੀਪੁਰ ਨਾਲੇ ਨੂੰ ਪਿੰਡ ਖੋਖਰ ਤੱਕ ਪੱਕਿਆਂ ਕਰਨ ਦਾ ਵੀ ਭਰੋਸਾ ਦਿੱਤਾ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਲਦ ਇਸ ਦਾ ਐਸਟੀਮੇਟ ਤਿਆਰ ਕੀਤਾ ਜਾਵੇ। ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਮੇਲਾ ਕਮੇਟੀ ਨੂੰ ਆਪਣੇ ਅਖ਼ਤਿਆਰੀ ਫ਼ੰਡ ਵਿੱਚੋਂ ਦੋ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਤੋਂ ਪਹਿਲਾਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਬਾਬਾ ਗੁੱਜਾ ਪੀਰ ਜੀ ਨੂੰ ਸਿੱਜਦਾ ਕਰਦਿਆਂ ਕਿਹਾ ਕਿ ਇਹ ਮੇਲਾ ਇਲਾਕੇ ਦਾ ਬੜਾ ਪੁਰਾਣਾ ਤੇ ਮਸ਼ਹੂਰ ਮੇਲਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਅਗਵਾਈ ਹੇਠ ਸੂਬੇ ਵਿੱਚ ਫਿਰ ਪੂਰੇ ਉਤਸ਼ਾਹ ਨਾਲ ਮੇਲੇ ਲੱਗਣੇ ਸ਼ੁਰੂ ਹੋਏ ਹਨ ਅਤੇ ਸਾਡਾ ਸੂਬਾ ਰੰਗਲਾ ਪੰਜਾਬ ਬਣਨ ਵੱਲ ਵੱਧ ਰਿਹਾ ਹੈ। ਇਸ ਮੌਕੇ ਉਨ੍ਹਾਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਦਾ ਇਲਾਕੇ ਦੇ ਨਾਲਿਆਂ ਦੀ ਸਫ਼ਾਈ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਮੇਲਾ ਕਮੇਟੀ ਵੱਲੋਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ, ਚੇਅਰਮੈਨ ਰਮਨ ਬਹਿਲ, ਹੋਰ ਮਹਿਮਾਨਾਂ ਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ, ਪ੍ਰਧਾਨ ਧਰਮਿੰਦਰ ਸਿੰਘ, ਸਰਪੰਚ ਕੁਲਵਿੰਦਰ ਕੌਰ, ਕਰੀਬ ਬਹਿਲ, ਬਾਵਾ ਬਹਿਲ,
ਸੁੱਚਾ ਸਿੰਘ ਮੁਲਤਾਨੀ, ਇੰਦਰਜੀਤ ਸਿੰਘ ਰਾਣਾ ਸਰਪੰਚ ਬੱਬਰੀ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਹਾਜ਼ਰ ਸਨ।