ਮਾਨਸਾ 14 ਫਰਵਰੀ:
ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਦੀ ਦੇਖ-ਰੇਖ ਹੇਠ ਆਈ ਸਿੱਖਿਆ ਕ੍ਰਾਂਤੀ ਨੇ ਰਾਜ ਦੇ ਸਰਕਾਰੀ ਸਕੂਲਾਂ ਦਾ ਮੁਹਾਂਦਰਾ ਬਦਲ ਕੇ ਰੱਖ ਦਿੱਤਾ ਹੈ, ਜਿਸ ਕਰਕੇ ਇਥੇ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਹੋਵੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ.ਵਿਜੈ ਸਿੰਗਲਾ ਨੇ ਦਾਖਲਾ ਵੈਨ ਨੂੰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਲਈ ਰਵਾਨਾ ਕਰਦਿਆਂ ਕੀਤਾ।
             ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਬਾਰੇ ਵੱਧ ਤੋ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਨਸਾ ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਵਿੱਚ ਚਾਰ ਦਿਨ ਦਾਖਲਾ ਵੈਨ ਰਾਹੀਂ ਪ੍ਰਚਾਰ ਕਰਦਿਆਂ ਵਿਦਿਆਰਥੀਆਂ, ਮਾਪਿਆਂ ਨੂੰ ਦਾਖਲਿਆਂ ਸਬੰਧੀ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਅਧੁਨਿਕ ਸਹੂਲਤਾਂ ਨਾਲ ਵਿਦਿਆਰਥੀ ਹੁਣ ਸਮੇਂ ਦੇ ਹਾਣੀ ਬਣਨਗੇ ਅਤੇ ਵਿਦੇਸ਼ਾਂ ਵਿੱਚ ਜਾਣ ਦੀ ਥਾਂ ਉਹ ਆਪਣੇ ਸੂਬੇ ਅੰਦਰ ਹੀ ਨੌਕਰੀਆਂ ਦੇ ਕਾਬਲ ਬਣ ਸਕਣਗੇ।ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਲਈ ਟੋਲ ਫਰੀ ਨੰ 1800-180-2139 ਵੀ ਜਾਰੀ ਕੀਤਾ।
             ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਸ. ਮੇਵਾ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਨੇ ਸਿੱਖਿਆ ਦੇ ਖੇਤਰ ਵਿਚ ਵੱਡੇ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਭਰ ਵਿਚ ਹੋਰ ਸੂਬਿਆਂ ਵਿੱਚ ਸਿੱਖਿਆ ਦੇ ਖੇਤਰ ਵਿਚ ਰੋਡ ਮਾਡਲ ਬਣ ਗਿਆ ਹੈ। ਸਰਕਾਰੀ ਸਕੂਲਾਂ ਦੀ ਸਥਿਤੀ ਵਿੱਚ ਦਹਾਕਿਆਂ ਬਾਅਦ ਚੋਖਾ ਸੁਧਾਰ ਹੋਇਆ ਹੈ। ਅੱਜ ਹਰ ਸਰਕਾਰੀ ਸਕੂਲ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਹਨ ਤੇ ਕਲਾਸਰੂਮ ਬਣਾਏ ਜਾ ਰਹੇ ਹਨ, ਪਖਾਨੇ, ਵਾਈ-ਫਾਈ, ਲੈਬ ਵਰਗੀਆਂ ਸਹੂਲਤਾਂ ਉਪਲੱਬਧ ਹੋ ਰਹੀਆਂ ਹਨ।
             ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ, ਪ੍ਰਿੰਸੀਪਲ ਵਿਜੈ ਕੁਮਾਰ ਮਿੱਢਾ, ਜ਼ਿਲ੍ਹਾ ਸਹਾਇਕ ਪ੍ਰੋਜੈਕਟ ਕੋਆਰਡੀਨੇਟਰ ਹਰੀਸ਼ ਕੁਮਾਰ, ਸਮਾਰਟ ਕੋਆਰਡੀਨੇਟਰ ਅਕਬਰ ਸਿੰਘ,ਜ਼ਿਲ੍ਹਾ ਲੇਖਾਕਾਰ ਅਨੁਰਾਧਾ,ਲੈਕਚਰਾਰ ਗੁਰਪ੍ਰੀਤ ਕੌਰ, ਰਾਮਨਾਥ ਧੀਰਾ, ਬਲਜਿੰਦਰ ਕਣਕਵਾਲੀਆਂ, ਗਗਨਦੀਪ ਸ਼ਰਮਾ, ਸੁਖਪਾਲ ਸ਼ਰਮਾ, ਅੰਮ੍ਰਿਤਪਾਲ ਸਿੰਘ, ਅਮਰੀਕ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *