ਫਾਜ਼ਿਲਕਾ 12 ਜੁਲਾਈ

ਫਾਜ਼ਿਲਕਾ ਦਾਣਾ ਮੰਡੀ ਵਿੱਚ ਇੱਕ ਬੋਰ ਬੈਲ ਵਿੱਚ ਡਿੱਗੇ ਬੱਚੇ ਨੂੰ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਦੀ ਮੁਸਤੈਦੀ ਅਤੇ ਤੇਜੀ ਗਤੀ ਨਾਲ ਕੀਤੀ ਗਈ ਕਾਰਵਾਈ ਨਾਲ ਸੁਰੱਖਿਤ ਬਾਹਰ ਕੱਢ ਲਿਆ ਗਿਆ। ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਭਰਤੀ ਕਰਾਇਆ ਗਿਆ ਹੈ ਅਤੇ ਡਾਕਟਰਾਂ ਅਨੁਸਾਰ ਬੱਚਾ ਹੁਣ ਪੂਰੀ ਤਰ੍ਹਾਂ ਸੁਰੱਖਿਤ ਹੈ ਅਤੇ ਉਸਨੂੰ ਕੁਝ ਸਮੇਂ ਲਈ ਡਾਕਟਰੀ ਦੇਖਰੇਖ ਵਿੱਚ ਰੱਖਿਆ ਗਿਆ ਹੈ।

 ਹਸਪਤਾਲ ਵਿੱਚ ਪਹੁੰਚੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਜਿਵੇਂ ਹੀ ਇਸ ਘਟਨਾ ਦੀ ਸੂਚਨਾ ਮਿਲੀ ਤੁਰੰਤ ਆਪਦਾ ਪ੍ਰਬੰਧਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਤੇਜ਼ੀ ਨਾਲ ਕਾਰਵਾਈ ਆਰੰਭ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਦੀ ਦੇਖਰੇਖ ਵਿਚ ਫਾਇਰ ਬ੍ਰਿਗੇਡ ਅਤੇ ਗਰੀਨ ਐਸ ਫੋਰਸ ਦੇ ਵਲੰਟੀਅਰਾਂ ਸਮੇਤ ਮੌਕੇ ਤੇ ਕਾਰਵਾਈ ਆਰੰਭੀ ਗਈ। ਸਿਹਤ ਟੀਮਾਂ ਮੌਕੇ ਤੇ ਬੁਲਾਈਆਂ ਗਈਆਂ ਅਤੇ ਨਾਲ ਦੀ ਨਾਲ ਐਨਡੀਆਰਐਫ ਅਤੇ ਫੌਜ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਅਤੇ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਫਾਜ਼ਿਲਕਾ ਲਈ ਰਵਾਨਾ ਵੀ ਹੋ ਗਈਆਂ ਸਨ। ਪਰ ਇਸੇ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇਜ਼ੀ ਨਾਲ ਕਾਰਵਾਈ ਕਰਕੇ ਬੋਰ ਬੈੱਲ ਦੇ ਬਰਾਬਰ ਇੱਕ ਜੇਸੀਬੀ ਨਾਲ ਟੋਆ ਪੁੱਟਿਆ ਗਿਆ ਅਤੇ ਬੱਚੇ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ।

 ਮੌਕੇ ਫਾਇਰ ਬ੍ਰਿਗੇਡ ਦੀ ਟੀਮ ਜਿਸ ਵਿਚ ਫਾਇਰ ਅਫਸਰ ਫਤਿਹ ਸਿੰਘ, ਗੌਰਵ ਝੀਂਝਾਂ, ਜੱਗਾ ਰਾਮ, ਰਾਕੇਸ਼ ਕੁਮਾਰ ਅਤੇ ਗਰੀਨ ਐਸ ਵੇਲਫੇਅਰ ਤੋਂ ਰਜਤ ਸ਼ਰਮਾ, ਸਚਿਨ, ਪਵਨ, ਰਿੰਕੂ, ਸੰਟੀ, ਰਾਹੁਲ, ਅਸੋਕ ਆਦਿ ਦੀ ਟੀਮ ਨੇ ਤੇਜੀ ਨਾਲ ਕਾਰਵਾਈ ਕੀਤੀ। ਇੱਥੇ ਕੰਮ ਕਰ ਰਹੇ ਫਾਇਰ ਬ੍ਰੀਗੇਡ ਦੇ ਕਰਮੀ ਗੌਰਵ ਝੀਂਝਾ ਨੇ ਦੱਸਿਆ ਕਿ ਬੱਚਾ ਲਗਭਗ 12 ਫੁੱਟ ਦੀ ਡੁੰਘਾਈ ਤੇ ਸੀ ਅਤੇ ਤੇਜੀ ਨਾਲ ਕੀਤੀ ਗਈ ਕਾਰਵਾਈ ਕਾਰਨ ਬੱਚੇ ਦੀ ਜਾਨ ਬਚ ਗਈ। ਮੌਕੇ ਤੇ ਪੁਲਿਸ ਡੀਐਸਪੀ ਸੁਬੇਗ ਸਿੰਘ ਦੀ ਅਗਵਾਈ ਵਿਚ ਪਹੁੰਚੀ ਤੇ ਸਹਿਯੋਗ ਕੀਤਾ। ਤੁਰੰਤ ਉਸ ਨੂੰ ਐਂਬੂਲੈਂਸ ਵਿੱਚ ਆਕਸੀਜਨ ਦੇ ਕੇ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਤੁਰੰਤ ਦੇਖਭਾਲ ਕੀਤੀ ਅਤੇ ਹੁਣ ਬੱਚਾ ਖਤਰੇ ਤੋਂ ਬਾਹਰ ਹੈ।

 ਇਸ ਸਾਰੀ ਸੁਰੱਖਿਆ ਕਾਰਵਾਈ ਦੀ ਦੇਖਰੇਖ ਏਡੀਸੀ ਜਨਰਲ ਸ਼੍ਰੀ ਰਕੇਸ਼ ਕੁਮਾਰ ਪੋਪਲੀ ਐਸਡੀਐਮ ਸ੍ਰੀ ਵਿਪਨ ਭੰਡਾਰੀ, ਡੀਐਸਪੀ ਸੁਬੇਗ ਸਿੰਘ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮੰਗਤ ਰਾਮ ਨੇ ਮੌਕੇ ਤੇ ਕੀਤੀ। ਇਸ ਮੌਕੇ ਡਾਕਟਰੀ ਟੀਮ ਵਿੱਚੋਂ ਡਾਕਟਰ ਕਵਿਤਾ ਸਿੰਘ ਦੀ ਦੇਖਰੇਖ ਵਿੱਚ ਮਾਹਿਰ ਡਾਕਟਰਾਂ ਨੇ ਬੱਚੇ ਨੂੰ ਤੇਜ਼ੀ ਨਾਲ ਇਲਾਜ ਮੁਹਈਆ ਕਰਵਾਇਆ।

Leave a Reply

Your email address will not be published. Required fields are marked *