ਫਾਜ਼ਿਲਕਾ 30 ਅਗਸਤ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅੱਜ ਇਥੇ ਦਿਹਾਤੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਪਿੰਡਾਂ ਵਿੱਚ ਚੱਲ ਰਹੇ ਤੇ ਹੋ ਚੁੱਕੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਕਿ ਵੱਖ-ਵੱਖ ਸਕੀਮਾ ਤਹਿਤ ਆਏ ਫੰਡਾਂ ਅਧੀਨ ਹੋ ਚੁੱਕੇ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ 15 ਦਿਨਾ ਦੇ ਅੰਦਰ-ਅੰਦਰ ਜਮ੍ਹਾਂ ਕਰਵਾਏ ਜਾਣ। ਇਸ ਤੋਂ ਇਲਾਵਾ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ। ਉਨ੍ਹਾ ਕਿਹਾ ਕਿ ਇਸ ਕੰਮ ਵਿੱਚ ਕੁਤਾਹੀ ਲਈ ਸਬੰਧਤ ਅਧਿਕਾਰੀ ਨਿੱਜੀ ਤੌਰ ਤੇ ਜਿਮੇਵਾਰ ਹੋਣਗੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੰਮ ਦੀ ਗੁਣਵੱਤਾ ਵਿੱਚ ਕੋਈ ਕਮੀ ਨਾ ਰਹੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਖੇ ਲਾਈਬ੍ਰੇਰੀਆਂ ਬਣਾਉਣ, ਸਫਾਈ ਵਿਵਸਥਾ ਨੂੰ ਦਰੁਸਤ ਕਰਨ ਹਿਤ ਦੇ ਨਾਲ-ਨਾਲ ਹੋਰ ਵੱਖ-ਵੱਖ ਪ੍ਰੋਜੈਕਟ ਚਲਾਏ ਜਾ ਰਹੇ ਹਨ, ਪਿੰਡਾਂ ਅੰਦਰ ਪਬਲਿਕ ਪਖਾਣੇ ਬਣਾਉਣ, ਘਰਾਂ ਵਿਚ ਪਖਾਣੇ ਬਣਾਉਣ ਦੀਆਂ ਕਿਸ਼ਤਾਂ ਜਾਰੀ ਕਰਨ, ਆਂਗਣਵਾੜੀ ਸੈਂਟਰ ਬਣਾਉਣ, ਸੋਲੀਡ ਵੇਸਟ ਮੈਨੇਜਮੈਂਟ, ਮੀਆਵਾਕੀ ਜੰਗਲ ਤਿਆਰ ਕਰਨ ਆਦਿ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਪੂਰਤੀ ਨਾਲ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ।  

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ 15ਵੇਂ ਵਿਤ ਕਮਿਸ਼ਨ, ਓ.ਡੀ.ਐਫ. ਪਲਸ, ਪ੍ਰਧਾਨ ਮੰਤਰੀ ਆਵਸ ਯੋਜਨਾ (ਗ੍ਰਾਮੀਣ), ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਆਦਿ ਹੋਰ ਵੱਖ-ਵੱਖ ਸਕੀਮਾਂ ਤਹਿਤ ਪ੍ਰਾਪਤ ਹੋਏ ਫੰਡਾਂ ਅਧੀਨ ਹੋਏ ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ, ਪੰਚਾਇਤੀ ਰਾਜ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਹੁਣ ਤੱਕ ਦੀ ਪ੍ਰਗਤੀ ਰਿਪੋਰਟ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਵਿਕਾਸ ਪ੍ਰੋਜੈਕਟਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਵਿਚ ਮਗਨਰੇਗਾ ਅਧੀਨ ਯੋਗ ਜੋਬਕਾਰਡ ਹੋਲਡਰਾਂ ਨੂੰ ਵੱਧ ਤੋਂ ਵੱਧ ਕੰਮ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਾਰੀ ਗ੍ਰਾਂਟਾਂ ਅਨੁਸਾਰ ਵਿਕਾਸ ਕੰਮ ਤੁਰੰਤ ਮੁਕੰਮਲ ਕੀਤੇ ਜਾਣ।

ਬੈਠਕ ਵਿਚ ਏਡੀਸੀ ਵਿਕਾਸ ਅਮਰਿੰਦਰ ਸਿੰਘ ਮਲੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਦਰਸ਼ਨ ਲਾਲ, ਕਾਰਜਕਾਰੀ ਇੰਜੀਨੀਅਰ ਧਰਮਿੰਦਰ ਸਿੰਘ, ਪੰਚਾਇਤੀ ਰਾਜ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *