ਸ੍ਰੀ ਮੁਕਤਸਰ ਸਾਹਿਬ, 1 ਅਪ੍ਰੈਲ

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ‘ਸੀ.ਐਮ. ਦੀ ਯੋਗਸ਼ਾਲਾ’ ਮੁਹਿੰਮ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਲਾਭ ਮਿਲ ਰਿਹਾ ਹੈ। ਨਾ ਕੇਵਲ ਲੋਕਾਂ ਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਤੋਂ ਰਾਹਤ ਮਿਲ ਰਹੀ ਹੈ ਬਲਕਿ ਉਹ ਮਾਨਸਿਕ ਤੌਰ ‘ਤੇ ਆਪਣੇ ਆਪ ਨੂੰ ਚੁਸਤ-ਦਰੁਸਤ ਮਹਿਸੂਸ ਕਰਦੇ ਹਨ।

ਜ਼ਿਲ੍ਹੇ ਦੇ ਯੋਗ ਕੋਆਰਡੀਨੇਟਰ ਸ੍ਰੀ ਸੰਜੇ ਸਿੰਘ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 123 ਥਾਵਾਂ ਉੱਤੇ ਯੋਗ ਕਲਾਸਾਂ ਲੱਗ ਰਹੀਆਂ ਹਨ ਅਤੇ ਕਰੀਬ 5000 ਲੋਕ ਰੋਜ਼ਾਨਾ ਇਸ ਦਾ ਲਾਹਾ ਲੈ ਰਹੇ ਹਨ।

ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਗਾਂਧੀ ਨਗਰ ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਗੋਬਿੰਦ ਸਿੰਘ ਦਾਬੜਾ ਨੇ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਨੇ ਉਸ ਨੂੰ ਅਨੇਕਾਂ ਬਿਮਾਰੀਆਂ ਤੋਂ ਰਾਹਤ ਦਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉੱਦਮ ਸਦਕਾ ਲਾਭਪਾਤਰੀਆਂ ਨੇ ਫਾਇਦਾ ਪ੍ਰਾਪਤ ਕੀਤਾ ਹੈ। ਉਹ ਪਿਛਲੇ ਡੇਢ ਸਾਲ ਤੋਂ ਯੋਗਾ ਕਰ ਰਿਹਾ ਹੈ, ਜਿਸ ਨਾਲ ਉਸਦਾ ਬੀ.ਪੀ ਅਤੇ ਸ਼ੁਗਰ ਕੰਟਰੋਲ ਹੋ ਗਿਆ ਹੈ ਅਤੇ ਦਵਾਈ ਤੋਂ ਵੀ ਛੁਟਕਾਰਾ ਮਿਲ ਗਿਆ ਹੈ। ਉਸਦਾ ਕਹਿਣਾ ਹੈ ਕਿ ਜਿਥੇ ਯੋਗਾ ਕਰਨ ਨਾਲ ਉਸਨੂੰ ਬਿਮਾਰੀਆਂ ਤੋਂ ਰਾਹਤ ਮਿਲੀ ਹੈ ਉਥੇ ਉਹ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਾਹਰ ਟ੍ਰੇਨਰ ਲਗਾਏ ਗਏ ਹਨ, ਜਿਨ੍ਹਾਂ ਦੀ ਅਗਵਾਈ ਹੇਠ ਬਿਨ੍ਹਾਂ ਕਿਸੇ ਫੀਸ ਦੇ ਉਹ ਯੋਗਾ ਅਭਿਆਸ ਕਰ ਰਹੇ ਹਨ ।

ਇਸੇ ਤਰ੍ਹਾਂ ਨੀਲਮ ਜੱਗਾ ਅਤੇ ਇੰਦਰਜੀਤ ਕੌਰ ਵਾਸੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰਵਾਸੀ ਇਨ੍ਹਾਂ ਯੋਗਾ ਕੈਂਪਾਂ ਦਾ ਫਾਇਦਾ ਲੈ ਕੇ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ ਅਤੇ ਮਾਹਿਰ ਯੋਗ ਟ੍ਰੇਨਰਾਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਯੋਗ ਦੇ ਗੁਣ ਸਿਖਾਏ ਜਾ ਰਹੇ ਹਨ।

ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਯੋਗ ਕੋਆਰਡੀਨੇਟਰ ਸ੍ਰੀ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਲਈ ‘ਸੀ.ਐਮ. ਦੀ ਯੋਗਸ਼ਾਲਾ’ ਅਧੀਨ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਮੁਫ਼ਤ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਜਿਵੇਂ ਕਿ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਲੰਬੀ, ਕੋਟਭਾਈ, ਬਰੀਵਾਲਾ, ਰਾਮਗੜ੍ਹ ਚੁੰਘਾ, ਅਕਾਲਗੜ੍ਹ, ਲੱਖੇਵਾਲੀ ਅਤੇ ਗੋਨਿਆਣਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ 22 ਯੋਗ ਟ੍ਰੇਨਰਾਂ ਵੱਲੋਂ ਰੋਜ਼ਾਨਾ 123 ਯੋਗ ਕਲਾਸਾਂ ਲਗਾ ਕੇ ਬਿਮਾਰੀਆਂ ਤੋਂ ਨਿਜ਼ਾਤ ਦਵਾਈ ਜਾ ਰਹੀ ਹੈ। ਇਸ ਪ੍ਰੋਜੈਕਟ ਅਧੀਨ ਬੱਚੇ, ਬਜ਼ੁਰਗ, ਔਰਤਾਂ, ਪੁਰਸ਼ ਹਰ ਵਰਗ ਦੇ ਲੋਕਾਂ ਨੂੰ ਯੋਗ ਅਭਿਆਸ ਰਾਹੀਂ ਸ਼ਰੀਰਿਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਯੋਗ ਕੋਆਰਡੀਨੇਟਰ ਨੇ ਕਿਹਾ ਕਿ ਯੋਗਾ ਸਿੱਖਣ ਦੇ ਚਾਹਵਾਨਾਂ ਲਈ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ  76694-00500 ਸਥਾਪਿਤ ਕੀਤੀ ਹੈ, ਜਿਸ ’ਤੇ ਮੁਫਤ ਯੋਗ ਕਲਾਸਾਂ ਆਪਣੇ ਮੁਹੱਲੇ ਵਿੱਚ ਲਗਾਉਣ ਲਈ ਲੋਕ ਮਿਸ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ cmdiyogshala.punjab.gov.in ’ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ’ਤੇ ਮਿਸ ਕਾਲ ਦੇ ਸਕਦੇ ਹਨ।

Leave a Reply

Your email address will not be published. Required fields are marked *