ਦਿੜ੍ਹਬਾ, 28 ਮਈ
ਨਸ਼ਾ ਮੁਕਤੀ ਯਾਤਰਾ ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ ਤੇ ਲੋਕ ਵੱਧ ਚੜ੍ਹ ਕੇ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਇਹ ਸੂਬਾ ਸਰਕਾਰ ਦੀ ਇੱਕ ਅਜਿਹੀ ਪਹਿਲ ਕਦਮੀ ਹੈ, ਜਿਸ ਰਾਹੀਂ ਲੋਕਾਂ ਨਾਲ ਸਿੱਧਾ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਵਿੱਚ ਵੱਡੇ ਪੱਧਰ ਉੱਤੇ ਮਦਦ ਮਿਲ ਰਹੀ ਹੈ।
ਇਹ ਪ੍ਰਗਟਾਵਾ ਕੋਆਰਡੀਨੇਟਰ ਨਸ਼ਾ ਮੁਕਤੀ ਯਾਤਰਾ, ਹਰਪ੍ਰੀਤ ਸਿੰਘ ਜੱਗਾ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਅਧੀਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਵਿੱਚ ਪਿੰਡ ਹੰਬਲ ਬਾਸ, ਧਾਲੀਵਾਲ ਬਾਸ ਅਤੇ ਜਖੇਪਲੀ ਬਾਸ ਵਿਖੇ ਡਿਫੈਂਸ ਕਮੇਟੀਆਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਕੀਤਾ।
ਇਸ ਮੌਕੇ ਹਰਪ੍ਰੀਤ ਸਿੰਘ ਜੱਗਾ ਨੇ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਨੂੰ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਪਿੰਡ ਵਾਸੀਆਂ ਨੂੰ ਨਿਰੰਤਰ ਨਸ਼ੇ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਇੱਕਜੁੱਟ ਹੋ ਕੇ ਸਰਕਾਰ ਦਾ ਸਹਿਯੋਗ ਦੇਣ ਲਈ ਪ੍ਰੇਰਤ ਕੀਤਾ ਜਾਵੇ। ਉਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਉਹਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਲਿਆਂਦਾ ਜਾਵੇ।
ਪੰਜਾਬ ਸਰਕਾਰ ਦੇ ਯਤਨਾਂ ਸਦਕਾ ਨਸ਼ਾ ਤਸਕਰ ਜਾਂ ਤਾਂ ਜੇਲ੍ਹਾਂ ਵਿੱਚ ਹਨ ਜਾਂ ਫਿਰ ਪੰਜਾਬ ਛੱਡ ਕੇ ਭੱਜ ਚੁੱਕੇ ਹਨ। ਹੁਣ ਇਹ ਮੁਹਿੰਮ ਜ਼ਮੀਨੀ ਪੱਧਰ ਭਾਵ ਪਿੰਡਾਂ ਅਤੇ ਵਾਰਡਾਂ ਵਿਚੋਂ ਚੱਲਣ ਲੱਗੀ ਹੈ, ਜਿਸ ਨੂੰ ਨਸ਼ਾ ਮੁਕਤੀ ਯਾਤਰਾ ਦਾ ਨਾਮ ਦਿੱਤਾ ਗਿਆ ਹੈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਉਹਨਾਂ ਨੇ ਸਮੂਹ ਹਾਜ਼ਰੀਨ ਨੂੰ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਪੂਰਨ ਸਹਿਜੋਗ ਦੇਣ ਦਾ ਪ੍ਰਣ ਵੀ ਦਿਵਾਇਆ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਸਬੰਧੀ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ।