ਮਾਨਸਾ, 31 ਮਈ:
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜਿੱਥੇ ਰਾਜ ਵਿਚ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਕੇ ਨਸ਼ਿਆਂ ਦੀ ਸਪਲਾਈ ਨੂੰ ਠੱਲ੍ਹ ਪਾਈ ਗਈ ਹੈ, ਉਥੇ ਹੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਗਤੀਵਿਧੀਆਂ ਜਾਰੀ ਹਨ। ਨਸ਼ਾ ਮੁਕਤੀ ਯਾਤਰਾਵਾਂ ਦੀ ਇਸ ਲੜੀ ਤਹਿਤ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰ ਬੁੱਧ ਰਾਮ ਨੇ ਪਿੰਡ ਅਹਿਮਦਪੁਰ, ਕੁਲਹਿਰੀ, ਅੱਕਾਂਵਾਲੀ, ਕਣਕਵਾਲ ਚਹਿਲਾਂ, ਆਦਮਪੁਰ ਬੋਦਲਾਂ ਤੇ ਹੀਰੋਂ ਖੁਰਦ ਅਤੇ ਚੇਅਰਮੈਨ ਜਿ਼ਲ੍ਹਾ ਯੋਜਨਾ ਕਮੇਟੀ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਨੇ ਪਿੰਡ ਝੰਡਾ ਖੁਰਦ ਤੇ ਝੰਡਾ ਕਲਾਂ ਵਿੱਚ ਨਸ਼ਾ ਮੁਕਤੀ ਯਾਤਰਾਵਾਂ *ਚ ਸਿ਼ਰਕਤ ਕੀਤੀ।
          ਇਸ ਮੌਕੇ ਆਯੋਜਿਤ ਜਾਗਰੂਕਤਾ ਸਮਾਗਮਾਂ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਮਕਸਦ ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਹੈ ਅਤੇ ਨੌਜਵਾਨੀ ਨੂੰ ਇਸ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਜੋ ਸਾਡੀ ਨੌਜਵਾਨ ਪੀੜ੍ਹੀ ਦੀ ਜਿੰਦਗੀ ਨੂੰ ਲਗਾਤਾਰ  ਤਬਾਹ ਕਰ ਰਿਹਾ ਸੀ ਅਤੇ ਲੋਕਾਂ ਦੇ ਘਰ ਬਰਬਾਦ ਕਰ ਰਿਹਾ ਸੀ। ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾ ਸਦਕਾ ਅੱਜ ਕਾਫ਼ੀ  ਹੱਦ ਤੱਕ ਇਸ ਬੁਰਾਈ ਤੋਂ ਰਾਹਤ ਮਿਲੀ ਹੈ।
ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਤੌਰ *ਤੇ ਖਾਤਮਾ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ। ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਇਹ ਅਸੰਭਵ ਸੀ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾ ਵਿਚ ਇਕ ਪਹਿਰੇਦਾਰਾਂ ਦੀ ਤਰ੍ਹਾਂ ਕੰਮ ਕਰੋ, ਕਿਸੇ ਵੀ ਨਸ਼ਾ ਵੇਚਣ ਵਾਲੇ ਦਾ ਸਾਥ ਨਾ ਦਿੱਤਾ ਜਾਵੇ। ਜੇਕਰ ਪਿੰਡਾਂ ਵਿਚ ਕੋਈ ਨਸ਼ਾ ਖਾਂਦਾ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਓ ਕੇਂਦਰਾਂ ਵਿਚ ਭਰਤੀ ਕਰਵਾਇਆ ਜਾਵੇ, ਜਿੱਥੇ ਉਨ੍ਹਾਂ ਦਾ ਇਲਾਜ਼ ਹੋ ਸਕੇ।
ਇਸ ਮੌਕੇ ਪਿੰਡ ਵਾਸੀਆਂ ਨੂੰ ਨਸਿ਼ਆਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਵਾਈ ਗਈ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਭੂਮਿਕਾ ਨਿਭਾਉਣ ਦੀ ਅਪੀਲ ਵੀ ਕੀਤੀ ਗਈ।

Leave a Reply

Your email address will not be published. Required fields are marked *